ਪੰਜਾਬ ਅੰਦਰ ਮਾਲ ਰਿਕਾਰਡ ਵਿੱਚ ਇੰਤਕਾਲ (Intkal, Mutation of Record) Under Property Registration Process in Punjab

ਜਦੋਂ ਕੋਈ ਵਿਅਕਤੀ ਕਿਸੀ ਜਾਇਦਾਦ ਵਿੱਚ ਕਿਸੇ ਬੈਨਾਮਾ, ਹਿਬਾ ਨਾਮਾ, ਵਰਾਸਤ, ਰਹਿਨ, ਪਟਾਨਾਮਾ, ਤਕਸੀਮ, ਤਬਾਦਲਾ ਆਦਿ ਰਾਹੀਂ ਹੱਕ ਪ੍ਰਾਪਤ ਕਰਦਾ ਹੈ ਤਾਂ ਮਾਲ ਰਿਕਾਰਡ ਵਿੱਚ ਪਟਵਾਰੀ ਹਲਕਾ ਦੁਆਰਾ ਕੀਤੀ ਜਾਣ ਵਾਲੀ ਤਬਦੀਲੀ ਨੂੰ ਇੰਤਕਾਲ (Intkal , Mutation of Record Under Property Registration Process in Punjab) ਦਰਜ਼ ਕਰਨਾ ਕਿਹਾ ਜਾਂਦਾ ਹੈ। ਇੰਤਕਾਲ ਦੀਆਂ ਕਿਸਮਾਂ ਬੈਨਾਮਾ, ਰਹਿਨ ਨਾਮਾ, ਇਜਾਦੀ ਰਹਿਨ, ਇੰਤਕਾਲ ਰਹਿਨ ਦਰ ਰਹਿਨ, ਫੱਕ ਉਲ ਰਹਿਨ, ਇੰਤਕਾਲ ਬੈ ਹੱਕ ਮੁਰਤਹਿਨੀ, ਇੰਤਕਾਲ ਬੈ ਬਕਾਇਮੀ ਰਹਿਨ, ਇੰਤਕਾਲ ਫੱਕ ਤਕਮੀਲੀ, ਇੰਤਕਾਲ ਵਰਾਸਤ ਬਰੂਏ, ਰਜਿਸਟਰਡ ਵਸੀਅਤ, ਇੰਤਕਾਲ ਵਰਾਸਤ ਬਰੂਏ ਕੁਰਸੀਨਾਮਾ, ਇੰਤਕਾਲ ਵਰਾਸਤ ਬਰੂਏ ਵਸੀਅਤ ਖਾਨਗੀ।

ਇੰਤਕਾਲ ਕੀ ਹੁੰਦਾ ਹੈ ( Intkal Meaning)

ਜਦੋਂ ਕੋਈ ਵਿਅਕਤੀ ਕਿਸੀ ਜਾਇਦਾਦ ਵਿੱਚ ਕਿਸੇ ਬੈਨਾਮਾ, ਹਿਬਾ ਨਾਮਾ, ਵਰਾਸਤ, ਰਹਿਨ, ਪਟਾਨਾਮਾ, ਤਕਸੀਮ, ਤਬਾਦਲਾ ਆਦਿ ਰਾਹੀਂ ਹੱਕ ਪ੍ਰਾਪਤ ਕਰਦਾ ਹੈ ਤਾਂ ਮਾਲ ਰਿਕਾਰਡ ਵਿੱਚ ਪਟਵਾਰੀ ਹਲਕਾ ਦੁਆਰਾ ਕੀਤੀ ਜਾਣ ਵਾਲੀ ਤਬਦੀਲੀ ਨੂੰ ਇੰਤਕਾਲ ਦਰਜ਼ ਕਰਨਾ ਕਿਹਾ ਜਾਂਦਾ ਹੈ। ਪਟਵਾਰੀ ਹਲਕਾ ਵਲੋਂ ਇੰਤਕਾਲ ਦਰਜ਼ ਕਰਨ ਉਪਰੰਤ ਕਾਨੂੰਗੋ ਹਲਕਾ ਕੀਤੇ ਗਏ ਇੰਤਕਾਲ ਦਾ ਮੁਕਾਬਲਾ ਕਰਦਾ ਹੈ ਕਿ ਇੰਦਰਾਜ ਠੀਕ ਹੈ। ਇਸ ਉਪਰੰਤ ਪਟਵਾਰੀ ਹਲਕਾ ਵਲੋਂ ਇੰਤਕਾਲ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਅੱਗੇ ਪੇਸ਼ ਕੀਤੇ ਜਾਂਦੇ ਹਨ। ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਇੰਤਕਾਲ ਦਾ ਫੈਸਲਾ ਕਰਕੇ ਉਸਨੂੰ ਮਨਜੂਰ ਜਾਂ ਨਾ- ਮਨਜੂਰ ਕਰਦਾ ਹੈ।

ਇੰਤਕਾਲ (Mutation Record) ਦਰਜ ਕਰਨ ਦਾ ਪੋ੍ਸੈਸ ਹੇਠ ਅਨੁਸਾਰ ਹੈ

  1. ਪਟਵਾਰੀ ਵਲੋਂ ਇੰਤਕਾਲ ਦਰਜ਼ ਕਰਨਾ :- ਪਟਵਾਰੀ ਹਲਕਾ ਪਾਸ ਹਰ ਇੱਕ ਪਿੰਡ ਲਈ ਜ਼ਮੀਨ ਦੇ ਹੱਕਾਂ ਦੀ ਤਬਦੀਲੀ ਵਾਸਤੇ ਇੱਕ ਰਜਿਸਟਰ ਲੱਗਿਆ ਹੁੰਦਾ ਹੈ। ਇਸ ਨੂੰ ਇੰਤਕਾਲ ਰਜਿਸਟਰ ਕਿਹਾ ਜਾਂਦਾ ਹੈ। ਇਸ ਦੇ 15 ਵੱਖ-ਵੱਖ ਖਾਨੇ ਹੁੰਦੇ ਹਨ। ਇਸ ਰਜਿਸਟਰ ਦੀਆਂ ਦੋ ਪਰਤਾਂ ਹੁੰਦੀਆਂ ਹਨ। ਪਹਿਲੀ ਪਰਤ ਨੂੰ ਪਰਤ ਪਟਵਾਰ ਤੇ ਦੂਜੀ ਪਰਤ ਨੂੰ ਪਰਤ ਸਰਕਾਰ ਆਖਿਆ ਜਾਂਦਾ ਹੈ। ਪਹਿਲੀ ਪਰਤ ਤੇ ਪਟਵਾਰੀ ਹਲਕਾ ਹੱਕਾਂ ਦੀ ਤਬਦੀਲੀ ਸਬੰਧੀ ਇੰਤਕਾਲ ਦਰਜ਼ ਕਰਦਾ ਹੈ ਅਤੇ ਦੂਜੀ ਪਰਤ ਤੇ ਵੀ ਇਸ ਇੰਤਕਾਲ ਦੀ ਨਕਲ ਕੀਤੀ ਜਾਂਦੀ ਹੈ। ਇੰਤਕਾਲ ਦਰਜ਼ ਕਰਨ ਉਪਰੰਤ ਪਟਵਾਰੀ ਹਲਕਾ ਜਮ੍ਹਾਂਬੰਦੀ ਦੀ ਸਬੰਧਤ ਖੇਵਟ ਦੇ ਖਾਨਾ ਕੈਫੀਅਤ (ਖਾਨਾ ਨੰਬਰ 12) ਵਿੱਚ ਇੰਤਕਾਲ ਦਾ ਨੰਬਰ ਅਤੇ ਕਿਸਮ ਪੈਨਸਲ ਨਾਲ ਦਰਜ਼ ਕਰਦਾ ਹੈ। ਇੰਤਕਾਲ ਮੰਜੂਰ ਹੋਣ ਉਪਰੰਤ ਇਸ ਪੈਨਸਲੀ ਇੰਦਰਾਜ ਨੂੰ ਲਾਲ ਸਿਆਹੀ ਨਾਲ ਪੱਕਾ ਕਰ ਦਿੱਤਾ ਜਾਂਦਾ ਹੈ। ਜਿਨ੍ਹਾਂ ਪਿੰਡਾਂ ਦਾ ਮਾਲ ਰਿਕਾਰਡ ਕੰਪਿਊਟਰਾਈਜਡ ਹੋ ਚੁੱਕਾ ਹੈ, ਉਨ੍ਹਾਂ ਪਿੰਡਾਂ ਦੇ ਇੰਤਕਾਲਾਂ ਦਾ ਕੰਪਿਊਟਰ ਪ੍ਰਿੰਟ ਪਟਵਾਰੀ ਹਲਕਾ ਫ਼ਰਦ ਕੇਂਦਰ ਤੋਂ ਹੀ ਪ੍ਰਾਪਤ ਕਰ ਲੈਂਦਾ ਹੈ।
  2. ਕਾਨੂੰਗੋ ਵਲੋਂ ਮੁਕਾਬਲਾ ਕਰਨਾ :- ਪਟਵਾਰੀ ਹਲਕਾ ਵਲੋਂ ਇੰਤਕਾਲ ਦਰਜ਼ ਕਰਨ ਤੋਂ ਬਾਅਦ ਕਾਨੂੰਗੋ ਹਲਕਾ ਵਲੋਂ ਇੰਤਕਾਲ ਦਾ ਮੁਕਾਬਲਾ ਕੀਤਾ ਜਾਂਦਾ ਹੈ
  3. ਮਾਲ ਅਫਸਰ ਵਲੋਂ ਫੈਸਲਾ ਕਰਨਾ :- ਕਾਨੂੰਗੋ ਹਲਕਾ ਵਲੋਂ ਇੰਤਕਾਲ ਦਾ ਮੁਕਾਬਲਾ ਕਰਨ ਉਪਰੰਤ ਮਾਲ ਅਫਸਰ ਇੰਤਕਾਲ ਦਾ ਫੈਸਲਾ ਕਰਦਾ ਹੈ। ਫੈਸਲੇ ਪਟਵਾਰੀ ਹਲਕਾ ਦੂਜੀ ਪਰਤ ਕੱਟ ਕੇ ਮਾਲ ਅਫਸਰ ਦੇ ਹਵਾਲੇ ਕਰਦਾ ਹੈ। ਮਾਲ ਅਫਸਰ ਵਲੋਂ ਪਟਵਾਰੀ ਹਲਭ ਵਿਸਥਾਰ ਪੂਰਵਕ ਹੁਕਮ ਲਿਖਕੇ ਇਸ ਪਰਤ ਨੂੰ ਤਹਿਸੀਲ ਦੇ ਰਿਕਾਰਡ ਰੂਮ ਇਸ ਪਰਤ ਉੱਪਸ ਜਮਾਂ ਕਰਾ ਦਿੰਦਾ ਹੈ। ਪਟਵਾਰੀ ਹਲਕਾ ਦੀ ਪਰਤ ਉੱਤੇ ਸੰਖੇਪ ਵਿੱਚ ਹੁਕਮ ਲਿਖਿਆ ਜਾਂਦਾ ਹੈ।

Also Read ਪੰਜਾਬ ਵਿੱਚ ਜ਼ਮੀਨ ਦੀ ਜਮ੍ਹਾਂਬੰਦੀ (Jamabandi) ਕੀ ਹੁੰਦੀ ਹੈ (Record of Property Rights in Punjab Under Property Registration Process in Punjab)

ਇੰਤਕਾਲ ਰਜਿਸਟਰ ਦੇ ਖਾਨਿਆਂ ਸਬੰਧੀ ਜਾਣਕਾਰੀ :-

ਰਜਿਸਟਰ ਇੰਤਕਾਲ ਦੇ 1 ਤੋਂ 7 ਖਾਨੇ ਜਮ੍ਹਾਂਬੰਦੀ ਦੀ ਸਬੰਧਤ ਖੇਵਟ ਤੋਂ ਹੀ ਮੁਕੰਮਲ ਕੀਤੇ ਜਾਂਦੇ ਹਨ। 8 ਤੋਂ 12 ਨੰਬਰ ਖਾਨਿਆਂ ਵਿੱਚ ਸੋਧਿਆ ਹੋਇਆ ਇੰਦਰਾਜ ਦਰਜ਼ ਕੀਤਾ ਜਾਂਦਾ ਹੈ। ਖਾਨਾ ਨੰਬਰ 13 ਵਿੱਚ ਇੰਤਕਾਲ ਦੀ ਕਿਸਮ ਦਰਜ਼ ਕੀਤੀ ਜਾਂਦੀ ਹੈ। ਖਾਨਾ ਨੰਬਰ 14 ਵਿੱਚ ਇੰਤਕਾਲ ਦੀ ਫੀਸ ਦਰਜ਼ ਹੁੰਦੀ ਹੈ। ਖਾਨਾ ਨੰਬਰ 15 ਵਿੱਚ ਪਟਵਾਰੀ ਹਲਕਾ ਰਿਪੋਰਟ ਕਰਦਾ ਹੈ ਅਤੇ ਕਾਨੂੰਗੋ ਹਲਕਾ ਮੁਕਾਬਲੇ ਉਪਰੰਤ ਆਪਣੀ ਰਿਪੋਰਟ ਦਰਜ਼ ਕਰਦਾ ਹੈ।

ਇੰਤਕਾਲ ਦੀਆਂ ਕਿਸਮਾਂ

ਇੰਤਕਾਲ ਦੀਆਂ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਹਨ। ਮੁੱਖ ਕਿਸਮਾਂ ਨਿਮਨ ਅਨੁਸਾਰ ਹਨ:

1. ਬੈਨਾਮਾ :- ਜਦੋਂ ਕੋਈ ਮਾਲਕ ਜਾਂ ਹਿੱਸੇਦਾਰ ਆਪਣੀ ਜ਼ਮੀਨ, ਪਲਾਟ, ਮਕਾਨ ਜਾਂ ਦੁਕਾਨ ਆਦਿ ਨੂੰ ਵੇਚਦਾ ਹੈ ਅਤੇ ਕੋਈ ਦੂਸਰਾ ਵਿਅਕਤੀ ਉਸ ਜਾਇਦਾਦ ਨੂੰ ਖਰੀਦਦਾ ਹੈ ਤਾਂ ਤਹਿਸੀਲ ਵਿੱਚ ਕਰਾਈ ਜਾਂਦੀ ਇਸ ਦੀ ਰਜਿਸਟਰੀ ਨੂੰ ਬੈ ਦੀ ਰਜਿਸਟਰੀ ਜਾਂ ਸੇਲ ਡੀਡ ਕਿਹਾ ਜਾਂਦਾ ਹੈ। ਇਸ ਰਜਿਸਟਰੀ ਦੇ ਅਧਾਰ ਤੇ ਪਟਵਾਰੀ ਪਾਸ ਜਾ ਕੇ ਇੰਤਕਾਲ ਦਰਜ਼ ਕਰਾਇਆ ਜਾਂਦਾ ਹੈ। ਕਾਨੂੰਗੋ ਹਲਕਾ ਪਾਸੋਂ ਮੁਕਾਬਲਾ ਕਰਨ ਉਪਰੰਤ ਮਾਲ ਅਫਸਰ ਵੱਲੋਂ ਇੰਤਕਾਲ ਦਾ ਫੈਸਲਾ ਕੀਤਾ ਜਾਂਦਾ ਹੈ ਇਸ ਇੰਤਕਾਲ ਨੂੰ ਇੰਤਕਾਲ ਬੈ ਕਿਹਾ ਜਾਂਦਾ ਹੈ।

2. ਰਹਿਨ ਨਾਮਾ :- ਜਦੋਂ ਕਿਸੇ ਜ਼ਮੀਨ ਮਾਲਕ ਨੂੰ ਪੈਸਿਆਂ ਦੀ ਲੋੜ ਹੋਵੇ ਪ੍ਰੰਤੂ ਉਹ ਆਪਣੀ ਜ਼ਮੀਨ ਨੂੰ ਵੇਚਣਾ ਨਾ ਚਾਹੁੰਦਾ ਹੋਵੇ ਤਾਂ ਅਜਿਹੀ ਸਥਿਤੀ ਵਿੱਚ ਜ਼ਮੀਨ ਮਾਲਕ ਆਪਣੀ ਜ਼ਮੀਨ ਨੂੰ ਕਿਸੇ ਹੋਰ ਪਾਸ ਮੁਕਰਰ ਸਮੇਂ ਲਈ ਮੁਕਰਰ ਰਾਸ਼ੀ ਲੈ ਕੇ ਰਹਿਨ ਕਰ ਦਿੰਦਾ ਹੈ। ਰਹਿਨ ਕਰਨ ਵਾਲੇ ਨੂੰ ਰਹਿਨ ਅਤੇ ਰਹਿਨ ਲੈਣ ਵਾਲੇ ਨੂੰ ਮੁਰਤਹਿਨ ਕਿਹਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਮੁਰਤਹਿਨ ਰਹਿਨ ਦੀ ਰਕਮ ਅਦਾ ਕਰਕੇ ਜ਼ਮੀਨ ਦਾ ਕਬਜ਼ਾ ਲੈ ਲੈਂਦਾ ਹੈ। ਉਸ ਜ਼ਮੀਨ ਉੱਤੇ ਆਪ ਕਾਸ਼ਤ ਕਰਦਾ ਹੈ।

3. ਇਜਾਦੀ ਰਹਿਨ :- ਜਦੋਂ ਦੋ ਧਿਰਾਂ ਪਹਿਲਾਂ ਹੋਈ ਰਹਿਨ ਦੀ ਰਕਮ ਵਿੱਚ ਵਾਧਾ ਕਰ ਲੈਣ ਤਾਂ ਅਜਿਹੀ ਰਜਿਸ਼ਟਰੀ ਨੂੰ ਇਜਾਦੀ ਰਹਿਨ ਕਿਹਾ ਜਾਂਦਾ ਹੈ। ਇਸਦਾ ਇੰਤਕਾਲ ਦਰਜ਼ ਨਹੀ ਹੁੰਦਾ ਸਿਰਫ ਰਪਟ ਰੋਜ਼ਨਾਮਚਾ ਦਰਜ਼ ਕਰਕੇ ਜਮ੍ਹਾਂਬੰਦੀ ਦੇ ਖਾਨਾ ਕੈਫੀਅਤ ਵਿੱਚ ਹਵਾਲਾ ਦਰਜ਼ ਹੁੰਦਾ ਹੈ।

4. ਇੰਤਕਾਲ ਰਹਿਨ ਦਰ ਰਹਿਨ :- ਜਦੋਂ ਕਿਸੇ ਜ਼ਮੀਨ ਮਾਲਕ ਨੇ ਆਪਣੀ ਜ਼ਮੀਨ ਕਿਸੀ ਪਾਸ ਰਹਿਨ ਕੀਤੀ ਹੋਈ ਹੋਵੇ। ਪ੍ਰੰਤੂ ਜ਼ਮੀਨ ਮਾਲਕ ਨੂੰ ਹੋਰ ਪੈਸਿਆਂ ਦੀ ਜ਼ਰੂਰਤ ਹੋਵੇ ਅਤੇ ਜ਼ਮੀਨ ਮਾਲਕ ਮੁਕਰਰ ਸਮੇਂ ਅਤੇ ਮੁਕਰਰ ਰਕਮ ਵਿੱਚ ਵਾਧਾ ਕਰਨਾ ਚਾਹੁੰਦਾ ਹੋਵੇ ਪ੍ਰੰਤੂ ਮੁਰਤਹਿਨ ਇਸ ਨਾਲ ਸਹਿਮਤ ਨਾ ਹੋਵੇ ਤਾਂ ਜ਼ਮੀਨ ਮਾਲਕ ਪਹਿਲਾਂ ਰਹਿਨ ਕੀਤੀ ਹੋਈ ਜ਼ਮੀਨ ਨੂੰ ਕਿਸੇ ਹੋਰ ਪਾਸ ਵਾਧੂ ਰਕਮ ਲੈ ਕੇ ਅਤੇ ਸਮੇਂ ਵਿਚ ਵਾਧਾ ਕਰਕੇ ਰਹਿਨ ਦਰ ਰਹਿਨ ਕਰ ਸਕਦਾ ਹੈ ਅਜਿਹੀ ਸਥਿਤੀ ਵਿੱਚ ਪਹਿਲੇ ਮੁਰਤਹਿਨ ਨੂੰ ਮੁਰਤਹਿਨ ਅੱਵਲ ਅਤੇ ਦੂਜੇ ਨੂੰ ਮੁਰਤਹਿਨ ਦੋਮ ਕਿਹਾ ਜਾਂਦਾ ਹੈ। ਮੁਰਤਹਿਨ ਅੱਵਲ ਦਾ ਮੁਕਰਰ ਸਮਾਂ ਪੂਰਾ ਹੋਣ ਤੇ ਮੁਰਤਹਿਨ ਦੋਮ ਮੁਰਤਹਿਨ ਅੱਵਲ ਨੂੰ ਰਹਿਨ ਦੀ ਰਕਮ ਅਦਾ ਕਰਕੇ ਜ਼ਮੀਨ ਦਾ ਕਬਜ਼ਾ ਹਾਸਲ ਕਰ ਲੈਂਦਾ ਹੈ।

5. ਫੱਕ ਉਲ ਰਹਿਨ :- ਜਦੋਂ ਕਿਸੇ ਮਾਲਕ ਨੇ ਆਪਣੀ ਜ਼ਮੀਨ ਮੁਕਰਰ ਸਮੇਂ ਲਈ ਮੁਕਰਰ ਰਕਮ ਵਿੱਚ ਕਿਸੀ ਪਾਸ ਰਹਿਨ ਕੀਤੀ ਹੋਈ ਹੋਵੇ ਤਾਂ ਮੁਕਰਰ ਸਮਾਂ ਪੂਰਾ ਹੋਣ ਉਪਰੰਤ ਮਾਲਕ (ਰਹਿਨ) ਮੁਰਤਹਿਨ ਨੂੰ ਰਹਿਨ ਦੀ ਰਕਮ ਅਦਾ ਕਰਕੇ ਆਪਣੀ ਜ਼ਮੀਨ ਦਾ ਕਬਜ਼ਾ ਹਾਸਲ ਕਰਦਾ ਹੈ। ਰਹਿਨ ਦੀ ਪਹਿਲੀ ਕੀਤੀ ਗਈ ਕਾਰਵਾਈ ਨੂੰ ਖਤਮ ਕਰਨ ਲਈ ਇੰਤਕਾਲ ਫੱਕ ਉਲ ਰਹਿਨ ਦਰਜ਼ ਕੀਤਾ ਜਾਂਦਾ ਹੈ।

6. ਇੰਤਕਾਲ ਬੈ ਹੱਕ ਮੁਰਤਹਿਨੀ :- ਜਦੋਂ ਕਿਸੀ ਜ਼ਮੀਨ ਮਾਲਕ ਨੇ ਆਪਣੀ ਜ਼ਮੀਨ ਕਿਸੀ ਦੂਜੇ ਪਾਸ ਮੁਕਰਰ ਸਮੇਂ ਲਈ ਮੁਕਰਰ ਰਕਮ ਵਿੱਚ ਰਹਿਨ ਕੀਤੀ ਹੋਈ ਹੋਵੇ। ਪ੍ਰੰਤੂ ਮੁਕਰਰ ਮਿਤੀ ਤੋਂ ਪਹਿਲਾਂ ਹੀ ਮੁਰਤਹਿਨ (ਰਹਿਨ ਲੈਣ ਵਾਲਾ) ਰਹਿਨ ਦੀ ਰਕਮ ਵਸੂਲ ਕਰਕੇ ਜ਼ਮੀਨ ਮਾਲਕ ਨੂੰ ਜ਼ਮੀਨ ਵਾਪਿਸ ਕਰਨੀ ਚਾਹੁੰਦਾ ਹੋਵੇ ਅਤੇ ਜ਼ਮੀਨ ਮਾਲਕ ਰਹਿਨ ਦੀ ਰਕਮ ਵਾਪਿਸ ਕਰਨ ਤੋਂ ਅਸਮਰਥਹੋਵੇ ਤਾਂ ਅਜਿਹੀ ਸਥਿਤੀ ਵਿਚ ਮੁਰਤਹਿਨ ਆਪਣੇ ਰਹਿਨ ਦੇ ਹੱਕ ਕਿਸੇ ਤੀਜੇ ਵਿਅਕਤੀ ਨੂੰ ਬੈ ਕਰ ਦਿੰਦਾ ਹੈ। ਭਾਵ ਕਿਸੇ ਤੀਜੇ ਵਿਅਕਤੀ ਤੋਂ ਰਹਿਨ ਦੀ ਰਕਮ ਵਸੂਲ ਕਰਕੇ ਉਸ ਨੂੰ ਜ਼ਮੀਨ ਦਾ ਕਬਜ਼ਾ ਛੱਡ ਦਿੰਦਾ ਹੈ ਅਤੇ ਜ਼ਮੀਨ ਦਾ ਮਾਲਕ ਮੁਕਰਰ ਮਿਆਦ ਪੂਰੀ ਹੋਣ ਉਪਰੰਤ ਤੀਜੇ ਵਿਅਕਤੀ ਨੂੰ ਰਹਿਨ ਦੀ ਰਕਮ ਅਦਾ ਕਰਕੇ ਜ਼ਮੀਨ ਵਾਪਿਸ ਲੈਣ ਦਾ ਹੱਕਦਾਰ ਹੁੰਦਾ ਹੈ।

7. ਇੰਤਕਾਲ ਬੈ ਬਕਾਇਮੀ ਰਹਿਨ :- ਜਦੋਂ ਕਿਸੀ ਮਾਲਕ ਨੇ ਆਪਣੀ ਜ਼ਮੀਨ ਰਹਿਨ ਕੀਤੀ ਹੋਈ ਹੋਵੇ ਪ੍ਰੰਤੂ ਹੋਰ ਪੈਸਿਆਂ ਦੀ ਲੋੜ ਖਾਤਰ ਮਾਲਕ ਆਪਣੀ ਜ਼ਮੀਨ ਨੂੰ ਬੈ ਕਰਨਾ (ਵੇਚਣਾ) ਚਾਹੁੰਦਾ ਹੋਵੇ। ਮੁਰਤਹਿਨ ਖਰੀਦਣ ਨੂੰ ਤਿਆਰ ਨਾ ਹੋਵੇ ਅਜਿਹੀ ਸਥਿਤੀ ਵਿੱਚ ਜ਼ਮੀਨ ਮਾਲਕ ਕਿਸੇ ਤੀਜੇ ਵਿਅਕਤੀ ਨੂੰ ਆਪਣੀ ਜ਼ਮੀਨ ਬੈ ਕਰ ਸਕਦਾ ਹੈ। ਪ੍ਰੰਤੂ ਰਹਿਨ ਦੀ ਰਕਮ ਖਰੀਦਦਾਰ ਪਾਸ ਰਹੇਗੀ। ਭਾਵ ਖਰੀਦਦਾਰ ਰਹਿਨ ਦੀ ਰਕਮ ਕੱਟ ਕੇ ਮਾਲਕ ਨੂੰ ਬੈ ਦੀ ਬਾਕੀ ਰਕਮ ਅਦਾ ਕਰੇਗਾ। ਕਿਉਂਕਿ ਰਕਬਾ ਫਿਲਹਾਲ ਰਹਿਨ ਹੈ ਇਸ ਲਈ ਰਹਿਨ ਦੀ ਮੁਕਰਰ ਮਿਆਦ ਪੂਰੀ ਹੋਣ ਤੇ ਖਰੀਦਦਾਰ ਮੁਰਤਹਿਨ ਨੂੰ ਰਹਿਨ ਦੀ ਰਕਮ ਅਦਾ ਕਰਕੇ ਕਬਜ਼ਾ ਹਾਸਲ ਕਰੇਗਾ।

8. ਇੰਤਕਾਲ ਫੱਕ ਤਕਮੀਲੀ :- ਜਦੋਂ ਕਿਸੇ ਜ਼ਮੀਨ ਮਾਲਕ ਨੇ ਆਪਣੀ ਜ਼ਮੀਨ ਵਿਅਕਤੀ ਨੂੰ ਰਹਿਨ ਕੀਤੀ ਹੋਈ ਹੋਵੇ ਅਤੇ ਮੁਰਤਹਿਨ ਉਸ ਜ਼ਮੀਨ ਨੂੰ ਰਹਿਨ ਪਾਸੋਂ ਮੁੱਲ ਖਰੀਦ ਲਵੇ। ਰਹਿਨ ਦੀ ਰਕਮ ਕੱਟਕੇ ਬਾਕੀ ਬੈ ਦੀ ਰਕਮ ਅਦਾ ਕਰ ਦੇਵੇ। ਰਹਿਨ ਦਾ ਇੰਤਕਾਲ ਫੱਕ ਕਰਾਏ ਬਿਨ੍ਹਾਂ ਹੀ ਬੈ ਦਾ ਇੰਤਕਾਲ ਵੀ ਕਰਵਾ ਲਵੇ ਅਜਿਹੀ ਸਥਿਤੀ ਵਿੱਚ ਜਿਹੜਾ ਵਿਅਕਤੀ ਮੁਰਤਹਿਨ ਹੁੰਦਾ ਹੈ ਉਹੀ ਵਿਅਕਤੀ ਮੁਸਤਰੀ/ਮਾਲਕ ਬਣ ਜਾਂਦਾ ਹੈ।

9. ਇੰਤਕਾਲ ਵਰਾਸਤ ਬਰੂਏ ਰਜਿਸਟਰਡ ਵਸੀਅਤ :- ਜਦੋਂ ਕੋਈ ਜ਼ਮੀਨ ਜਾਇਦਾਦ ਦਾ ਮਾਲਕ ਆਪਣੀ ਜਾਇਦਾਦ ਸਬੰਧੀ ਵਸੀਅਤ ਸਬ ਰਜਿਸਟਰਾਰ/ਤਹਿਸੀਲਦਾਰ ਨਾਇਬ ਤਹਿਸੀਲਦਾਰ ਦੇ ਦਫਤਰ ਵਿਚ ਜਾ ਕੇ ਰਜਿਸਟਰਡ ਕਰਵਾ ਦੇਵੇ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੀ ਜਾਇਦਾਦ ਦਾ ਹੱਕਦਾਰ ਕੌਣ ਹੋਵੇਗਾ ਤਾਂ ਅਜਿਹੀ ਵਸੀਅਤ ਨੂੰ ਰਜਿਸਟਰਡ ਵਸੀਅਤ ਕਿਹਾ ਜਾਂਦਾ ਹੈ। ਵਸੀਅਤ ਕਰਨ ਵਾਲੇ ਦੀ ਮੌਤ ਉਪਰੰਤ ਇਸ ਵਸੀਅਤ ਦੇ ਮੁਤਾਬਿਕ ਇੰਤਕਾਲ ਵਰਾਸਤ ਬਰੂਏ ਰਜਿਸਟਰਡ ਵਸੀਅਤ ਦਰਜ਼ ਕੀਤਾ ਜਾਂਦਾ ਹੈ।

10. ਇੰਤਕਾਲ ਵਰਾਸਤ ਬਰੂਏ ਕੁਰਸੀਨਾਮਾ :- ਜਦੋਂ ਕਿਸੀ ਜਾਇਦਾਦ ਦੇ ਮਾਲਕ ਨੇ ਆਪਣੇ ਜੀਵਨ ਕਾਲ ਦੋਰਾਨ ਆਪਣੀ ਜਾਇਦਾਦ ਸਬੰਧੀ ਕੋਈ ਵਸੀਅਤ ਖਾਨਗੀ ਜਾਂ ਰਜਿਸਟਰਡ ਨਾ ਕੀਤੀ ਹੋਵੇ ਅਤੇ ਬਿਨ੍ਹਾਂ ਵਸੀਅਤ ਕਰਾਏ ਹੀ ਅਚਾਨਕ ਉਸ ਦੀ ਮੌਤ ਹੋ ਜਾਵੇ ਤਾਂ ਅਜਿਹੇ ਮੁਤਵਫੀ ਦੀ ਜਾਇਦਾਦ ਸਬੰਧੀ ਉਸ ਦੀ ਵਰਾਸਤ ਦਾ ਇੰਤਕਾਲ ਹਿੰਦੂ ਵਰਾਸਤ ਐਕਟ, 1956 ਅਨੁਸਾਰ ਪਹਿਲੀ ਸ਼੍ਰੇਣੀ ਦੇ ਵਾਰਸਾਂ ਦੇ ਨਾਮ ਦਰਜ਼ ਕੀਤਾ ਜਾਂਦਾ ਹੈ ਪ੍ਰੰਤੂ ਜੇਕਰ ਪਹਿਲੀ ਸ਼੍ਰੇਣੀ ਦਾ ਕੋਈ ਵਾਰਸ ਜਿੰਦਾ ਨਾ ਹੋਵੇ ਤਾਂ ਦੂਜੀ ਸ਼੍ਰੇਣੀ ਜੇਕਰ ਦੂਜੀ ਸ਼੍ਰੇਣੀ ਦਾ ਕੋਈ ਵਾਰਸ ਜਿੰਦਾ ਨਾ ਹੋਵੇ ਤਾਂ ਪੂਰਵਜਾਂ ਦੇ ਨਜਦੀਕੀ ਰਿਸ਼ਤੇਦਾਰਾਂ ਦੇ ਨਾਮ Agnates ਜਾਂ Cognates ਦੇ ਨਾਮ ਦਰਜ਼ ਹੁੰਦਾ ਹੈ। ਜੇਕਰ ਉਪਰੋਕਤਾਂ ਵਿੱਚੋਂ ਕੋਈ ਵੀ ਵਾਰਸ ਜਿੰਦਾ ਨਾ ਹੋਵੇ ਤਾਂ ਸਰਕਾਰ ਦੇ ਨਾਮ ਦਰਜ਼ ਕੀਤਾ ਜਾਂਦਾ ਹੈ।

11. ਇੰਤਕਾਲ ਵਰਾਸਤ ਬਰੂਏ ਵਸੀਅਤ ਖਾਨਗੀ :- ਜਦੋਂ ਕੋਈ ਜਾਇਦਾਦ ਦਾ ਮਾਲਕ ਆਪਣੇ ਜੀਵਨ ਕਾਲ ਦੋਰਾਨ ਜਾਇਦਾਦ ਸਬੰਧੀ ਘਰੇਲੂ ਵਸੀਅਤ ਲਿਖ ਜਾਵੇ ਕਿ ਉਸ ਦੇ ਮਰਨ ਤੋਂ ਬਾਅਦ ਉਸ ਦੀ ਜਾਇਦਾਦ ਦਾ ਕੌਣ ਮਾਲਕ ਹੋਵੇਗਾ ਪ੍ਰੰਤੂ ਉਸ ਨੂੰ ਤਹਿਸੀਲ ਵਿੱਚ ਜਾ ਕੇ ਰਜਿਸਟਰ ਨਾ ਕਰਾਇਆ ਗਿਆ ਹੋਵੇ ਅਜਿਹੀ ਵਸੀਅਤ ਨੂੰ ਵਸੀਅਤ ਖਾਨਗੀ ਕਿਹਾ ਜਾਂਦਾ ਹੈ। ਇਸ ਦਾ ਇੰਤਕਾਲ ਵਰਾਸਤ ਵੀ ਰਜਿਸਟਰਡ ਵਸੀਅਤ ਦੀ ਤਰਾਂ ਹੀ ਵਸੀਅਤ ਜਾਣਗੀ ਵਿੱਚ ਦਰਜ਼ ਕੀਤੇ ਗਏ ਵਿਅਕਤੀ ਦੇ ਨਾਮ ਦਰਜ਼ ਕੀਤਾ ਜਾਂਦਾ ਹੈ। ਕੁਰਸੀਨਾਮ ਅਨੁਸਾਰ ਛੱਡੇ ਗਏ ਕਾਨੂੰਨੀ ਵਾਰਸਾਂ ਅਤੇ ਵਸੀਅਤ ਦੇ ਗਵਾਹਾਂ ਨੂੰ ਸੁਣ ਕੇ ਮਾਲ ਅਫਸਰ ਵੱਲੋਂ ਇੰਤਕਾਲ ਦਾ ਫੈਸਲਾ ਕੀਤਾ ਜਾਂਦਾ ਹੈ।

12. ਇੰਤਕਾਲ ਹਿਬਾਨਾਮਾ :- ਜਦੋਂ ਕੋਈ ਜਾਇਦਾਦ ਦਾ ਮਾਲਕ ਆਪਣੀ ਸਾਲਮ ਜਾਂ ਕੁਝ ਹਿੱਸਾ ਜਾਇਦਾਦ ਕਿਸੇ ਵਿਅਕਤੀ ਨੂੰ ਜਾਂ ਸੰਸਥਾ ਆਦਿ ਨੂੰ ਦਾਨ ਦੇ ਰੂਪ ਵਿੱਚ ਦੇ ਦੇਵ ਅਤੇ ਦਾਨ/ਹਿਬਾ ਦੀ ਰਜਿਸਟਰੀ ਕਰਵਾ ਦੇਵੇ ਤਾਂ ਹਿਬਾ ਦੀ ਰਜਿਸਟਰੀ ਮੁਤਾਬਿਕ ਜਿਹੜਾ ਇੰਤਕਾਲ ਦਰਜ਼ ਕੀਤਾ ਜਾਂਦਾ ਹੈ ਉਸ ਨੂੰ ਇੰਤਕਾਲ ਹਿਬਾਨਾਮਾ ਕਿਹਾ ਜਾਂਦਾ ਹੈ। ਦਾਨ ਦੇਣ ਵਾਲੇ ਨੂੰ “ਵਾਹਿਬ” ਅਤੇ ਲੈਣ ਵਾਲੇ ਨੂੰ “ਮਹੂਬਇਲਾ” ਕਿਹਾ ਜਾਂਦਾ ਹੈ।

13. ਅਖਰਾਜ ਨਾਮਾ ਇੰਤਕਾਲ :- ਜਦੋਂ ਕੋਈ ਜਾਇਦਾਦ ਦਾ ਮਾਲਕ ਅਚਾਨਕ ਲਾਪਤਾ ਹੋ ਜਾਵੇ। ਲਾਪਤਾ ਹੋਏ ਨੂੰ ਘੱਟੋ ਘੱਟ 7 ਸਾਲ ਬੀਤ ਚੁੱਕੇ ਹੋਣ ਇਸ ਸਮੇਂ ਦਰਮਿਆਨ ਉਹ ਆਪਣੇ ਕਿਸੇ ਸਕੇ ਸਬੰਧੀ ਰਿਸ਼ਤੇਦਾਰ ਜਾਂ ਜਾਣਕਾਰ ਨੂੰ ਨਾ ਮਿਲਿਆ ਹੋਵੇ ਤਾਂ ਇਹ ਸਮਝ ਲਿਆ ਜਾਂਦਾ ਹੈ ਕਿ ਗੁੰਮਸ਼ੁਦਾ ਵਿਅਕਤੀ ਮਰ ਚੁੱਕਾ ਹੈ। ਗੁੰਮਸ਼ੁਦਾ ਵਿਅਕਤੀ ਦੇ ਵਾਰਸਾਂ ਵੱਲੋਂ ਸਬੰਧਤ ਐਸ.ਡੀ.ਐਮ./ਤਹਿਸੀਲਦਾਰ ਜਾਂ ਪਟਵਾਰੀ ਹਲਕਾ ਦੇ ਪਾਸ 7 ਸਾਲ ਦਾ ਸਮਾਂ ਗੁਜਰਨ ਤੋਂ ਬਾਅਦ ਗੁੰਮਸ਼ੁਗਦੀ ਸਬੰਧੀ ਦਰਖਾਸਤ ਦਿੱਤੀ ਜਾਂਦੀ ਹੈ। ਦਰਖਾਸਤ ਨਾਲ ਕਾਨੂੰਨੀ ਵਾਰਸਾਂ ਦਾ ਜਿਕਰ ਕਰਦੇ ਹੋਏ ਬਿਆਨ ਹਲਫੀਆ ਅਤੇ ਐਫ.ਆਈ.ਆਰ. ਦੀ ਕਾਪੀ ਵੀ ਸ਼ਾਮਲ ਕੀਤੀ ਜਾਂਦੀ ਹੈ ਅਤੇ ਗੁੰਮਸ਼ੁਦਾ ਵਿਅਕਤੀ ਦੀ ਜਾਇਦਾਦ ਵਾਰਸਾਂ ਦੇ ਨਾਮ ਤਬਦੀਲ ਕਰਨ ਲਈ ਮੰਗ ਕੀਤੀ ਜਾਂਦੀ ਹੈ। ਐਸ.ਡੀ.ਐਮ. ਦੀ ਪ੍ਰਵਾਨਗੀ ਉਪਰੰਤ ਇੰਤਕਾਲ ਅਖਰਾਜ ਨਾਮਾ ਵਾਰਸਾਂ ਦੇ ਨਾਮ ਦਰਜ਼ ਕੀਤਾ ਜਾਂਦਾ ਹੈ। ਮਾਲ ਅਫਸਰ ਵੱਲੋਂ ਕਾਰਵਾਈ ਮੁਕੰਮਲ ਕਰਨ ਉਪਰੰਤ ਫੈਸਲਾ ਕਰ ਦਿੱਤਾ ਜਾਂਦਾ ਹੈ।

14. ਇੰਤਕਾਲ ਪੱਟਾਨਾਮਾ :- ਜਦੋਂ ਕੋਈ ਵਿਅਕਤੀ ਜ਼ਮੀਨ ਮਾਲਕ, ਗਰਾਮ ਪੰਚਾਇਤ, ਚਦੇ ਮਿਆਦ ਸ਼ਰਤਾਂ ਅਤੇ ਮਕਰਰ ਸਲਾਨਾ ਰਕਮ ਵਿੱਚ ਚਕੋਤੇ ਉੱਤੇ ਦੇ ਦੇਵੇ ਅਤੇ ਚਕੋਤੇਦਾਰ ਸਰਕਾਰ ਜਾਂ ਕੋਈ ਵੀ ਸੰਸਥਾ ਆਪਣੀ ਜ਼ਮੀਨ ਕਿਸੇ ਵਿਅਕਤੀ ਜਾਂ ਸੰਸਥਾ ਨੂੰ ਕਿਸੇ ਮੁਕਰਰ ਖੇਤੀਬਾੜੀ ਜਾਂ ਹੋਰ ਮੁਕਰਰ ਕੀਤੇ ਗਏ ਕੰਮ ਲਈ ਜ਼ਮੀਨ ਦਾ ਕਬਜ਼ਾ ਹਾਸਲ ਕਰ ਲਵੇ ਇਸ ਕੇਸ ਵਿੱਚ ਦੋਹਾਂ ਧਿਰਾਂ ਵੱਲੋਂ ਤਹਿਸੀਲ ਵਿੱਚ ਜਾ ਕੇ ਪਟੇ ਦੀ ਰਜਿਸਟਰੀ ਕਰਵਾਈ ਜਾਂਦੀ ਹੈ ਇਸ ਰਜਿਸਟਰੀ ਅਨੁਸਾਰ ਦਰਜ਼ ਕੀਤੇ ਜਾਂਦੇ ਇੰਤਕਾਲ ਨੂੰ ਇਤਕਾਲ ਪਟਾਨਾਮਾ ਕਿਹਾ ਜਾਂਦਾ ਹੈ। ਪਟਾ ਦੇਣ ਵਾਲੇ ਨੂੰ ਪਟਾ ਕੁਨਿੰਦਾ ਅਤੇ ਲੈਣ ਵਾਲੇ ਨੂੰ ਪਟਾ ਗੁਰਿੰਦਾ ਕਿਹਾ ਜਾਂਦਾ ਹੈ।

15. ਇੰਤਕਾਲ ਪਟਾ ਮਨਸੂਖੀ :- ਜਦੋਂ ਕਿਸੀ ਮਾਲਕ ਨੇ ਆਪਣੀ ਜ਼ਮੀਨ ਕਿਸੇ ਮਾਲਕ ਜਾਂ ਸੰਸਥਾ ਨੂੰ ਕਿਸੇ ਮੁਕਰਰ ਮਿਆਦ ਲਈ ਮੁਕਰਰ ਸਲਾਨਾ ਰਕਮ ਵਿੱਚ ਪਟੇ ਉਤੇ ਦਿੱਤੀ ਹੋਈ ਹੋਵੇ । ਪਟੇ ਦੀ ਮੁਕਰਰ ਮਿਆਦ ਪੂਰੀ ਹੋਣ ਉਪਰੰਤ ਜ਼ਮੀਨ ਪਟੇ ਉਤੇ ਦੇਣ ਵਾਲਾ (ਪਟਾ ਕੁਨਿੰਦਾ) ਆਪਣੀ ਜ਼ਮੀਨ ਦਾ ਕਬਜ਼ਾ ਵਾਪਿਸ ਲੈ ਲੈਂਦਾ ਹੈ। ਪਟੇ ਦੀ ਵਾਪਿਸੀ ਦੇ ਇੰਤਕਾਲ ਨੂੰ ਪਟਾ ਮਨਸੂਖੀ ਕਿਹਾ ਜਾਂਦਾ ਹੈ।

16. ਤਬਾਦਲਾ :- ਜਦੋਂ ਦੋ ਧਿਰਾਂ (ਦੋ ਮਾਲਕ) ਆਪਣੀ ਜ਼ਮੀਨ ਇੱਕ ਦੂਜੇ ਨਾਲ ਬਦਲ ਲੈਣ ਤਾਂ ਮਾਲ ਰਿਕਾਰਡ ਵਿੱਚ ਕੀਤੀ ਗਈ ਤਬਦੀਲੀ ਨੂੰ ਹੀ ਤਬਾਦਲਾ ਕਿਹਾ ਜਾਂਦਾ ਹੈ। ਤਬਾਦਲੇ ਦੀਆਂ ਦੋ ਕਿਸਮਾਂ ਹੁੰਦੀਆਂ ਹਨ

ਖਾਨਗੀ ਤਬਾਦਲਾ ਜਦੋਂ ਦੋ ਧਿਰਾਂ ਆਪਣੀ ਜ਼ਮੀਨ ਦੇ ਤਬਾਦਲੇ ਸਬੰਧੀ ਸਰਕਾਰ ਵੱਲੋਂ ਸਮੇਂ-ਸਮੇਂ ਉੱਪਰ ਨਿਸ਼ਚਿਤ ਕੀਤੇ ਗਏ ਅਸ਼ਟਾਮ ਉੱਪਰ ਇਕਰਾਰ ਨਾਮਾ ਲਿਖ ਕੇ ਗਵਾਹਾਂ ਦੀ ਹਾਜ਼ਰੀ ਵਿੱਚ ਦਸਖਤ/ਅੰਗੂਠੇ ਕਰ ਲੈਣ ਪ੍ਰੰਤੂ ਤਹਿਸੀਲਦਾਰ/ਸਥ ਰਜਿਸਟਰਾਰ ਪਾਸੋਂ ਰਜਿਸਟਰਡ ਨਾ ਕਰਵਾਉਣ ਤਾਂ ਇਸ ਨੂੰ ਤਬਾਦਲਾ ਖਾਨਗੀ ਕਿਹਾ ਜਾਂਦਾ ਹੈ।
ਰਜਿਸਟਰਡ ਤਬਾਦਲਾ ਜਦੋਂ ਦੋ ਧਿਰਾਂ ਆਪਣੀ ਜ਼ਮੀਨ ਦੇ ਤਬਾਦਲੇ ਸਬੰਧੀ ਸਰਕਾਰ ਵੱਲੋਂ ਸਮੇਂ-ਸਮੇਂ ਉੱਪਰ ਨਿਸ਼ਚਿਤ ਕੀਤੇ ਗਏ ਅਸ਼ਟਾਮ ਉੱਪਰ ਇਕਰਾਰ ਨਾਮਾ ਲਿਖ ਕੇ ਗਵਾਹਾਂ ਦੀ ਹਾਜ਼ਰੀ ਵਿੱਚ ਦਸਖਤ/ਅੰਗੂਠੇ ਕਰ ਲੈਣ ਪ੍ਰੰਤੂ ਤਹਿਸੀਲਦਾਰ/ਸਥ ਰਜਿਸਟਰਾਰ ਪਾਸੋਂ ਰਜਿਸਟਰਡ ਨਾ ਕਰਵਾਉਣ ਤਾਂ ਇਸ ਨੂੰ ਤਬਾਦਲਾ ਖਾਨਗੀ ਕਿਹਾ ਜਾਂਦਾ ਹੈ।

 

17. ਇੰਤਕਾਲ ਤਕਸੀਮ:- ਜਦੋਂ ਕੁੱਝ ਹਿੱਸੇਦਾਰ ਜਾਂ ਭਰਾਵਾਂ ਦੀ ਜ਼ਮੀਨ ਦੀ ਖੋਵਟ  ਸਾਂਝੀ ਹੋਵੇ ਅਤੇ ਉਹ ਜ਼ਮੀਨ ਦੇ ਵੱਖ-ਵੱਖ ਟੱਕ ਬਣਾ ਕੇ ਉਸ ਨੂੰ ਆਪਸ ਵਿਚ ਵੰਡ ਲੈਣ ਤਾਂ ਇਸ ਵੰਡ ਦੇ ਮੁਤਾਬਕ ਰਿਕਾਰਡ ਮਾਲ ਵਿਚ ਸੋਧ ਕਰਨ ਲਈ ਜਿਹੜਾ ਇੰਤਕਾਲ ਦਰਜ਼ ਕੀਤਾ ਜਾਂਦਾ ਹੈ ਉਸ ਨੂੰ ਇੰਤਕਾਲ ਤਕਸੀਮ ਕਿਹਾ ਜਾਂਦਾ ਹੈ। ਤਕਸੀਮ ਦੀਆਂ ਦੋ ਕਿਸਮਾਂ ਹੁੰਦੀਆਂ ਹਨ।

ਤਕਸੀਮ ਖਾਨਗੀ ਜਦੋਂ ਸਾਂਝੀ ਖੋਵਟ ਦੇ ਹਿੱਸਦਾਰ ਜਾਂ ਪਰਿਵਾਰ ਮੈਂਬਰ ਵੱਖ- ਵੱਖ ਟੱਕ ਬਣਾ ਕੇ ਆਪਣੀ ਜ਼ਮੀਨ ਵੰਡ ਲੈਣ ਅਤੇ ਇਸ ਤਕਸੀਮ ਦਾ ਰਿਕਾਰਡ ਮਾਲ ਵਿੱਚ ਅਮਲ ਕਰਾਉਣ ਲਈ ਆਪਸ ਵਿੱਚ ਇਕਰਾਰ ਨਾਮ ਤਕਸੀਮ ਖਾਨਗੀ ਲਿਖਿਆ ਜਾਂਦਾ ਹੈ। ਇਸ ਇਕਰਾਰਨਾਮੇ ਦੇ ਅਨੁਸਾਰ ਪਟਵਾਰੀ ਹਲਕਾ ਪਾਸ ਇੰਤਕਾਲ ਦਰਜ਼ ਕਰਾਇਆ ਜਾਂਦਾ ਹੈ। ਇਸ ਇੰਤਕਾਲ ਨੂੰ ਇੰਤਕਾਲ ਤਕਸੀਮ ਖਾਨਗੀ ਕਿਹਾ ਜਾਂਦਾ ਹੈ। ਕਾਨੂੰਗੋ ਹਲਕਾ ਵਲੋਂ ਪੜਤਾਲ ਉਪੋਰਤ ਮਾਲ ਅਫਸਰ ਵਲੋਂ ਫੈਸਲਾ ਕੀਤਾ ਜਾਂਦਾ ਹੈ।
ਤਕਸੀਮ ਵੱਲੋਂ ਮਾਲ ਅਫਸਰ ਜਦੋਂ ਕਿਸੀ ਖੇਵਟ ਦੇ ਹਿੱਸੇਦਾਰ ਆਪਣੀ ਹਿੱਸੇ ਦੀ ਜ਼ਮੀਨ ਉੱਤੇ ਵੱਖ-ਵੱਖ ਖੇਤੀ ਕਰਦੇ ਹੋਣ ਅਤੇ ਹਿੱਸੇਦਾਰਾਂ ਵਿੱਚ ਕੁੱਝ ਹਿੱਸੇਦਾਰ ਤਕਸੀਮ ਕਰਾਉਣਾ ਚਾਹੁੰਦੇ ਹੋਣ ਪ੍ਰੰਤੂ ਸਾਰੇ ਤਕਸੀਮ ਕਰਾਉਣ ਲਈ ਸਹਿਮਤ ਨਾ ਹੁੰਦੇ ਹੋਣ ਤਾਂ ਅਜਿਹੀ ਸਥਿਤੀ ਵਿੱਚ ਜਿਹੜੇ ਹਿੱਸੇਦਾਰ ਤਕਸੀਮ ਕਰਾਉਣਾ ਚਾਹੁੰਦੇ ਹੋਣ ਉਹ ਆਪਣੇ ਵੱਲੋਂ ਪਟਵਾਰੀ ਹਲਕਾ ਜਾਂ ਫਰਦ ਕੇਂਦਰ ਤੋਂ ਆਪਣੀ ਸਾਂਝੀ ਖੇਵਟ ਦੀ ਫਰਦ ਲੈ ਕੇ ਵਕੀਲ ਰਾਹੀਂ ਮਾਲ ਅਫਸਰ (ਤਹਿਸੀਲਦਾਰ/ਨਾਇਬ ਤਹਿਸੀਲਦਾਰ) ਦੀ ਅਦਾਲਤ ਵਿੱਚ ਤਕਸੀਮ ਕਰਾਉਣ ਲਈ ਅਰਜ਼ੀ ਦੇਣ ਤਾਂ ਅਜਿਹੀ ਤਕਸੀਮ ਨੂੰ ਤਕਸੀਮ ਵੱਲੋਂ ਮਾਲ ਅਫਸਰ ਕਿਹਾ ਜਾਂਦਾ ਹੈ ।

 

18. ਇੰਤਕਾਲ ਤਕਸੀਮ ਬਰੂਏ ਸੰਨਦ ਤਕਸੀਮ :- ਪ੍ਰਾਪਤ ਹੋਈ ਅਰਜ਼ੀ ਉੱਤੇ ਮਾਲ ਅਫਸਰ ਵਲੋਂ ਤਕਸੀਮ ਦੀ ਕਾਰਵਾਈ ਮੁਕਮਲ ਹੋਣ ਉਪਰੰਤ “ਸੰਨਦ” ਤਕਸੀਮ ਜਾਰੀ ਕੀਤੀ ਜਾਂਦੀ ਹੈ। ਫਿਰ 3 ਸਾਲ ਦੇ ਅੰਦਰ ਅੰਦਰ ਕਬਜ਼ਾ ਵਰੰਟ ਜਾਰੀ ਹੁੰਦਾ ਹੈ। ਵਰੰਟ ਕਬਜ਼ਾ ਮੁਤਾਬਕ ਕਾਰਵਾਈ ਕਬਜ਼ਾ ਹੋਣ ਉਪਰੰਤ ਪਟਵਾਰੀ ਹਲਕਾ ਵੱਲੋਂ ਸੰਨਦ ਦੇ ਮੁਤਾਬਿਕ ਇੰਤਕਾਲ ਤਕਸੀਮ ਦਰਜ਼ ਕੀਤਾ ਜਾਂਦਾ ਹੈ। ਕਾਨੂੰਗੋ ਹਲਕਾ ਵੱਲੋਂ ਮੁਕਾਬਲਾ ਕਰਨ ਉਪਰੰਤ ਮਾਲ ਅਫਸਰ ਵੱਲੋਂ ਫੈਸਲਾ ਕੀਤਾ ਜਾਂਦਾ ਹੈ।

19. ਇੰਤਕਾਲ ਤਬਦੀਲ ਮਲਕੀਅਤ ਬਾ-ਹੁਕਮ ਦਿਵਾਨੀ ਅਦਾਲਤ :- ਜਦੋਂ ਮਾਨਯੋਗ ਦਿਵਾਨੀ ਅਦਾਲਤਾਂ ਦੇ ਹੁਕਮਾਂ ਅਨੁਸਾਰ ਮਾਲਕੀ ਦੇ ਹੱਕਾਂ ਵਿਚ ਤਬਦੀਲੀ ਕੀਤੀ ਜਾਂਦੀ ਹੈ। ਹੱਕਾਂ ਵਿਚ ਤਬਦੀਲੀ ਕਰਨ ਲਈ ਇੰਤਕਾਲ ਤਬਦੀਲ ਮਲਕੀਅਤ ਪਟਵਾਰੀ ਹਲਕਾ ਵੱਲੋਂ ਦਰਜ਼ ਕੀਤਾ ਜਾਂਦਾ ਹੈ। ਕਾਨੂੰਗੋ ਹਲਕਾ ਵੱਲੋਂ ਮੁਕਾਬਲਾ ਹੋਣ ਉਪਰੰਤ ਮਾਲ ਅਫਸਰ ਵੱਲੋਂ ਮੰਨਜੂਰ ਕੀਤਾ ਜਾਂਦਾ ਹੈ।

(ਇੰਤਕਾਲ ਫੀਸ )Intkaal Fees of Property in Punjab Amendment 28-08-2020

Intkaal Fees of Property in Punjab

1 thought on “ਪੰਜਾਬ ਅੰਦਰ ਮਾਲ ਰਿਕਾਰਡ ਵਿੱਚ ਇੰਤਕਾਲ (Intkal, Mutation of Record) Under Property Registration Process in Punjab”

Leave a Comment