ਹਿੰਦੂ ਵਰਾਸਤ ਐਕਟ, 1956 ਅਨੁਸਾਰ ਜਾਇਦਾਦ ਤੋਂ ਹੱਕ ਗੁਆਉਣ ( Losing Right in Inheritance of Property ) ਦੇ 3 ਕਾਰਣਾਂ ਸਬੰਧੀ ਜਾਣਕਾਰੀ: ਵਿਧਵਾ ਵੱਲੋਂ ਦੁਬਾਰਾ ਵਿਆਹ ਕਰ ਲੈਣਾ, ਵਾਰਸ ਵੱਲੋਂ ਮੁਤਵਫੀ ਦਾ ਕਤਲ ਕਰ ਦੇਣਾ, ਧਰਮ ਬਦਲ ਲੈਣਾ, ਇਸਤਰੀ ਦੀ ਕੁੱਖ ਵਿੱਚ ਜਿੰਦਾ ਬੱਚੇ ਦਾ ਅਧਿਕਾਰ
ਹਿੰਦੂ ਵਰਾਸਤ ਐਕਟ, 1956 ਅਨੁਸਾਰ ਹੇਠ ਲਿਖੇ ਕੁੱਝ ਕਾਰਨ ਹਨ ਜਿਸ ਕਰਕੇ ਕੋਈ ਵਾਰਸ ਮੁਤਵਫੀ ਦੀ ਜਾਇਦਾਦ ਤੋਂ ਆਪਣਾ ਹੱਕ ਗੁਆ ਸਕਦਾ ਹੈ:-
1.ਵਿਧਵਾ ਵੱਲੋਂ ਦੁਬਾਰਾ ਵਿਆਹ ਕਰ ਲੈਣਾ :-
ਹਿੰਦੂ ਵਰਾਸਤ ਐਕਟ, 1956 ਦੀ ਧਾਰਾ 24 ਦੇ ਅਨੁਸਾਰ ਨਿਮਨਲਿਖਤ ਤਿੰਨ ਤਰ੍ਹਾਂ ਦੀਆਂ ਵਿਧਵਾ ਔਰਤਾਂ ਵਰਾਸਤ ਲਾਗੂ ਹੋਣ ਤੋਂ ਪਹਿਲਾਂ ਜੇਕਰ ਦੁਬਾਰਾ ਵਿਆਹ ਕਰਵਾ ਲੈਣ ਤਾਂ ਉਹ ਮੁਤਵਫੀ ਦੀ ਜਾਇਦਾਦ ਵਿਚੋਂ ਹਿੱਸਾ ਨਹੀਂ ਲੈ ਸਕਦੀਆਂ:-
- (ੳ) ਪਹਿਲਾਂ ਮਰ ਚੁੱਕੇ ਪੁੱਤਰ ਦੀ ਵਿਧਵਾ
- (ਅ) ਪਹਿਲਾਂ ਮਰ ਚੁੱਕੇ ਪੋਤੇ ਦੀ ਵਿਧਵਾ
- (ੲ) ਪਹਿਲਾਂ ਮਰ ਚੁੱਕੇ ਭਰਾ ਦੀ ਵਿਧਵਾ
- ਵਿਧਵਾ ਮਾਤਾ ਜਾਂ ਵਿਧਵਾ ਮਤਰੇਈ ਮਾਤਾ ਜੇਕਰ ਦੁਬਾਰਾ ਵਿਆਹ ਕਰਵਾ ਲਵੇ ਤਾਂ ਮੁਤਵਫੀ ਦੀ ਜਾਇਦਾਦ ਵਿੱਚ ਹੱਕਦਾਰ ਰਹੇਗੀ।
- ਇਸੇ ਤਰ੍ਹਾਂ ਜੇਕਰ ਮੁਤਵਫੀ ਦੀ ਪਤਨੀ ਦੁਬਾਰਾ ਵਿਆਹ ਕਰਵਾ ਲਵੇ ਤਾਂ ਵੀ ਉਹ ਆਪਣੇ ਪਤੀ ਦੀ ਜਾਇਦਾਦ ਦੀ ਹੱਕਦਾਰ ਰਹੇਗੀ।
- ਜੇਕਰ ਮੁਤਵਫੀ ਦੀ ਪਤਨੀ ਆਪਣੇ ਪਤੀ ਦੇ ਜੀਵਨ ਕਾਲ ਦੋਰਾਨ ਤਲਾਕ ਲੈ ਕੇ ਦੁਬਾਰਾ ਵਿਆਹ ਕਰਵਾ ਲਵੇ ਤਾਂ ਉਹ ਮੁਤਵਫੀ ਦੀ ਜਾਇਦਾਦ ਦੀ ਹੱਕਦਾਰ ਨਹੀਂ ਹੋਵੇਗੀ।
Also Read 6 cases in which you, your children lose right to inherit property
2. ਵਾਰਸ ਵੱਲੋਂ ਮੁਤਵਫੀ ਦਾ ਕਤਲ ਕਰ ਦੇਣਾ :-
ਹਿੰਦੂ ਵਰਾਸਤ ਐਕਟ, 1956 ਦੀ ਧਾਰਾ 25 ਦੇ ਅਨੁਸਾਰ ਨਿਮਨਲਿਖਿਤ ਦੋ ਤਰ੍ਹਾਂ ਦੇ ਕਤਲ ਆਉਂਦੇ ਹਨ :-
- (ੳ) ਜਦੋਂ ਕੋਈ ਵਾਰਸ ਵਰਾਸਤ ਦੀ ਖਾਤਰ ਖੁਦ ਮੁਤਵਫੀ ਦਾ ਕਤਲ ਕਰ ਦੇਵੇ ਜਾਂ ਸ਼ਹਿ ਦੇ ਕੇ ਕਤਲ ਕਰਵਾ ਦੇਵੇ ਤਾਂ ਉਹ ਵਾਰਸ ਮੁਤਵਫੀ ਦੀ ਜਾਇਦਾਦ ਵਿਚੋਂ ਹੱਕ ਗੁਆ ਬੈਠਦਾ ਹੈ।
- (ਅ) ਜਦੋਂ ਕੋਈ ਵਾਰਸ ਵਰਾਸਤ ਲੈਣ ਦੀ ਖਾਤਰ ਮੁਤਵਫੀ ਦੇ ਕਿਸੇ ਹੋਰ ਵਾਰਸ ਦਾ ਖੁਦ ਕਤਲ ਕਰ ਦੇਵੇ ਜਾਂ ਸ਼ਹਿ ਦੇ ਕੇ ਕਤਲ ਕਰਵਾ ਦੇਵੇ ਤਾਂ ਅਜਿਹਾ ਵਾਰਸ ਮੁਤਵਫੀ ਦੀ ਜਾਇਦਾਦ ਵਿਚੋਂ ਹਿੱਸੇ ਦਾ ਹੱਕ ਗੁਆ ਲੈਂਦਾ ਹੈ।
Also Read ਵਸੀਅਤ ਨਾਲ ਜੁੜੀਆਂ ਕੁਝ ਧਿਆਨ ਦੇਣ ਯੋਗ ਗੱਲਾਂ
3. ਧਰਮ ਬਦਲ ਲੈਣਾ (Change of Religion) :-
ਹਿੰਦੂ ਵਰਾਸਤ ਐਕਟ ਦੀ ਧਾਰਾ 26 ਅਨੁਸਾਰ ਧਰਮ ਬਦਲਣ ਉੱਤੇ ਕੋਈ ਵਿਅਕਤੀ ਆਪਣੇ ਵਰਾਸਤ ਦੇ ਹੱਕ ਤੋਂ ਵਾਂਝਾ ਨਹੀਂ ਹੁੰਦਾ। ਪ੍ਰੰਤੂ ਜੇਕਰ ਕੋਈ ਹਿੰਦੂ ਧਰਮ ਬਦਲੀ ਕਰਕੇ ਕੋਈ ਹੋਰ ਧਰਮ ਅਪਣਾ ਲੈਂਦਾ ਹੈ ਤਾਂ ਉਸ ਧਰਮ ਵਿੱਚ ਜਾਣ ਤੋਂ ਬਾਅਦ ਉਸ ਦੇ ਪੈਦਾ ਹੋਏ ਬੱਚੇ ਜਾਂ ਉਸ ਦੇ ਬੱਚਿਆਂ ਦੇ ਬੱਚੇ ਹਿੰਦੂ ਧਰਮ ਵਿੱਚ ਆਪਣੇ ਪਿਤਾ ਦੇ ਰਿਸ਼ਤੇਦਾਰ ਦੀ ਜਾਇਦਾਦ ਦੇ ਹੱਕਦਾਰ ਨਹੀਂ ਹੋਣਗੇ ਬਸ਼ਰਤੇ ਕਿ ਵਰਾਸਤ ਸਮੇਂ ਉਹ ਹਿੰਦੂ ਨਾ ਹੋਣ।
ਉਦਾਹਰਣ ਦੇ ਤੌਰ ਤੇ “A” ਦੇ ਦੋ ਪੁੱਤਰ “B” ਅਤੇ “C” ਹਨ। “C” ਹਿੰਦੂ ਧਰਮ ਨੂੰ ਛੱਡ ਕੇ ਇਸਲਾਮ ਧਰਮ ਕਬੂਲ ਕਰ ਲੈਂਦਾ ਹੈ। “C” ਆਪਣੇ ਪਿਤਾ “A” ਦੀ ਜਾਇਦਾਦ ਵਿਚ 1/2 ਹਿੱਸੇ ਦਾ ਹੱਕਦਾਰ ਹੋਵੇਗਾ। ਪ੍ਰੰਤੂ ਜੇਕਰ “C” ਦੀ ਮੌਤ ਹੋ ਜਾਂਦੀ ਹੈ ਤਾਂ ਧਰਮ ਦੀ ਤਬਦੀਲੀ ਤੋਂ ਬਾਅਦ “C” ਦੀ ਔਲਾਦ ਮੁਤਵਫੀ “A” ਦੀ ਜਾਇਦਾਦ ਦੀ ਹੱਕਦਾਰ ਨਹੀਂ ਹੋਵੇਗੀ। ਪ੍ਰੰਤੂ ਜੇਕਰ ਵਰਾਸਤ ਸਮੇਂ “C” ਦੀ ਔਲਾਦ ਮੁੜ ਹਿੰਦੂ ਧਰਮ ਅਖਤਿਆਰ ਕਰ ਚੁੱਕੀ ਹੋਵੇ ਤਾਂ ਹੱਕਦਾਰ ਹੋਵੇਗੀ।
ਜਦੋਂ ਕੋਈ ਵਾਰਸ ਮੁਤਵਫੀ ਦੀ ਜਾਇਦਾਦ ਵਿੱਚੋਂ ਆਪਣਾ ਹੱਕ ਗੁਆ ਬੈਠੇ ਤਾਂ ਵਰਾਸਤ ਕਿਵੇਂ ਹੋਵੇਗੀ :-
ਹਿੰਦੂ ਵਰਾਸਤ ਦੇ ਕਾਨੂੰਨ ਦੀ ਧਾਰਾ 27 ਅਨੁਸਾਰ ਜਦੋਂ ਕੋਈ ਵਾਰਸ ਮੁਤਵਫੀ ਦੀ ਜਾਇਦਾਦ ਤੋਂ ਆਪਣਾ ਹੱਕ ਗੁਆ ਬੈਠੇ ਤਾਂ ਮੁਤਵਫੀ ਦੀ ਵਰਾਸਤ ਕਰਨ ਸਮੇਂ ਇਹ ਸਮਝ ਲਿਆ ਜਾਵੇਗਾ ਜਿਵੇਂ ਕਿ ਹੱਕ ਗੁਆ ਚੁੱਕਾ ਵਾਰਸ ਪਹਿਲਾਂ ਹੀ ਫੌਤ ਹੋ ਚੁੱਕਾ ਹੈ। ਹੱਕ ਗੁਆ ਚੁੱਕੇ ਵਿਅਕਤੀ ਦੇ ਵਾਰਸ ਵੀ ਮੁਤਵਫੀ ਦੀ ਜਾਇਦਾਦ ਵਿੱਚੋਂ ਹੱਕ ਗੁਆ ਲੈਂਦੇ ਹਨ।
ਬਿਮਾਰੀ ਕਰੂਪਤਾ ਜਾਂ ਅਪਵਿੱਤਰਤਾ :-
ਹਿੰਦੂ ਵਰਾਸਤ ਕਾਨੂੰਨ ਦੀ ਧਾਰਾ 28 ਅਨੁਸਾਰ ਕਿਸੀ ਵੀ ਵਿਅਕਤੀ ਜਾਂ ਵਾਰਸ ਨੂੰ ਉਸ ਦੀ ਬਿਮਾਰੀ, ਕਰੂਪਤਾ ਜਾਂ ਅਪਵਿੱਤਰਤਾ ਦੇ ਕਾਰਨ ਮੁਤਵਫੀ ਦੀ ਜਾਇਦਾਦ ਜਿਸ ਦਾ ਉਹ ਵਾਰਸ ਹੋਵੇ ਉਸ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।
ਇਸਤਰੀ ਦੀ ਕੁੱਖ ਵਿੱਚ ਜਿੰਦਾ ਬੱਚੇ ਦਾ ਅਧਿਕਾਰ (Inheritance Right of an Unborn Baby) :-
ਹਿੰਦੂ ਵਰਾਸਤ ਕਾਨੂੰਨ ਦੀ ਧਾਰਾ 20 ਅਨੁਸਾਰ ਜਦੋਂ ਕਿਸੇ ਇਸਤਰੀ ਦੀ ਅਚਾਨਕ ਮੌਤ ਹੋ ਜਾਵੇ। ਮੌਤ ਸਮੇਂ ਉਸਦੀ ਕੁੱਖ ਵਿੱਚ ਬੱਚਾ ਪਲ ਰਿਹਾ ਹੋਵੇ। ਇਸਤਰੀ ਦੀ ਮੌਤ ਉਪਰੰਤ ਬੱਚੇ ਦਾ ਜਨਮ ਹੋਇਆ ਹੋਵੇ ਅਤੇ ਜਿੰਦਾ ਹੋਵੇ। ਇਸਤਰੀ ਵਲੋਂ ਕੋਈ ਵਸੀਅਤ ਨਾਂ ਹੋਣ ਦੀ ਸੂਰਤ ਵਿੱਚ ਇਸਤਰੀ ਦੀ ਮੌਤ ਉਪਰੰਤ ਪੈਦਾ ਹੋਇਆ ਬੱਚਾ ਵੀ ਮੁਤਵਫੀ ਇਸਤਰੀ ਦੀ ਜਾਇਦਾਦ ਦਾ ਵਾਰਸ ਹੋਵੇਗਾ।
4 thoughts on “ਵਾਰਸ ਵੱਲੋਂ ਜਾਇਦਾਦ ਤੋਂ ਹੱਕ ਗੁਆਉਣ (Losing Right in Inheritance of Property) ਦੇ 3 ਕਾਰਣਾਂ ਸਬੰਧੀ ਜਾਣਕਾਰੀ”