ਆਪਣੇ ਜੀਵਨ ਕਾਲ ਦੌਰਾਨ ਅਚੱਲ ਜਾਇਦਾਦ ਆਪਣੇ ਵਾਰਸਾਂ ਦੇ ਨਾਂ ਤਬਦੀਲ ਕਰਨ ਬਾਰੇ ਜਾਣਕਾਰੀ (Senior Citizen Rights Regarding Transfer of Property):
ਸੰਨ 2001 ਤੋਂ ਪਹਿਲਾਂ ਅਗਰ ਤੁਸੀਂ ਭਾਵੇਂ ਆਪਣੀ ਜ਼ਾਇਦਾਦ ਕਿਸੇ ਨਜਦੀਕੀ ਰਿਸ਼ਤੇਦਾਰ ਦੇ ਨਾਂ ਕਰਵਾਉਣੀ ਹੁੰਦੀ ਸੀ ਤਾਂ ਆਮ ਰਜ਼ਿਸਟਰੀ ਵਾਂਗ ਹੀ ਅਸਟਾਮ ਡਿਉਟੀ ਲਗਦੀ ਸੀ, ਹਾਂ ਅਗਰ ਤੁਸੀਂ ਪੁੰਨ-ਹਿਬਾਨਾਮਾ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਂ ਕਰਦੇ ਸੀ ਤਾਂ ਥੋੜਾ ਬਹੁਤ ਅਸ਼ਟਾਮ ਡਿਊਟੀ ਘੱਟ ਲਗਦੀ ਸੀ ਨਹੀਂ ਤਾਂ ਲੋਕਾਂ ਨੂੰ ਕਾਫੀ ਖਰਚ ਉਠਾਉਣਾ ਪੈਂਦਾ ਸੀ। ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਅਚੱਲ ਜਾਇਦਾਦ ਦੇ ਮਾਲਕਾਂ ਵੱਲੋਂ ਆਪਣੇ ਵਾਰਸਾਂ ਦੇ ਨਾਮ ਜਾਇਦਾਦ ਲਗਵਾਉਣ ਦੀ ਖਾਤਰ ਵਾਰਸਾਂ ਵੱਲੋਂ ਆਪਣੇ ਖਿਲਾਫ ਦੀਵਾਨੀ ਅਦਾਲਤ ਵਿੱਚ ਮੁਕੱਦਮਾ ਦਾਇਰ ਕਰਵਾਕੇ ਵਾਰਸਾਂ ਦੇ ਹੱਕ ਵਿੱਚ ਡਿਕਰੀ ਕਰਵਾ ਦਿੱਤੀ ਜਾਂਦੀ ਸੀ । ਡਿਕਰੀ ਦੇ ਆਧਾਰ ਤੇ ਰਿਕਾਰਡ ਮਾਲ ਵਿੱਚ ਜਮੀਨ ਵਾਰਸਾਂ ਦੇ ਨਾਮ ਤਬਦੀਲ ਹੋ ਜਾਂਦੀ ਸੀ। ਪ੍ਰੰਤੂ ਇਹ ਇੱਕ ਅਸਿੱਧਾ ਢੰਗ ਸੀ।
ਪਰ ਬਾਅਦ ਵਿੱਚ ਪੰਜਾਬ ਸਰਕਾਰ ਨੇ ਲੋਕਾਂ ਦੀ ਇਸ ਮੁਸਕਿਲ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਤੀ 21/12/2001 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਭਾਰਤੀ ਸਟੈਂਪ ਐਕਟ, 1899 ਦੀ ਧਾਰਾ 9 ਵਿੱਚ ਸੋਧ ਕਰਕੇ ਖੇਤੀਬਾੜੀ ਅਤੇ ਪੇਂਡੂ ਰਿਹਾਇਸ਼ੀ ਜ਼ਮੀਨ (ਲਾਲ ਲਕੀਰ ਤੋਂ ਬਾਹਰ) ਹਿੰਦੂ ਵਿਰਾਸਤ ਐਕਟ, 1956 ਅਨੁਸਾਰ ਪਹਿਲੀ ਸ੍ਰੇਣੀ ਦੇ ਵਾਰਸਾਂ ਦੇ ਨਾਮ ਤਬਦੀਲ ਕਰਨ ਤੇ ਲੱਗਣ ਵਾਲੀ ਅਸ਼ਟਾਮ ਡਿਊਟੀ ਤੋਂ ਛੋਟ ਦਿੱਤੀ ਗਈ। ਹਿੰਦੂ ਵਿਰਾਸਤ ਐਕਟ, 1956 ਅਨੁਸਾਰ ਪਹਿਲੀ ਸ਼੍ਰੇਣੀ ਦੇ ਵਾਰਸਾਂ ਦੀ ਸੂਚੀ ਇਸ ਪ੍ਰਕਾਰ ਹੈ ਜਿਨ੍ਹਾਂ ਦੇ ਨਾਮ ਤੁਸੀਂ ਆਪਣੀ ਜ਼ਾਇਦਾਦ ਬਿਨ੍ਹਾਂ ਅਸ਼ਟਾਮ ਡਿਊਟੀ ਦੇ ਤਬਦੀਲ ਕਰ ਸਕਦੇ ਹੋ ਉਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ:
ਰਿਸ਼ਤੇ ਦਾ ਨਾਂਮ
- ਪੁੱਤਰ
- ਪੁੱਤਰੀ
- ਪਤਨੀ
- ਮਾਤਾ
- ਪੋਤਾ
- ਪੋਤੀ
- ਦੋਹਤਾ
- ਦੋਹਤੀ
- ਨੂੰਹ
- ਪੜੋਤਾ
- ਪੜੋੋਤੀ
- ਪੋਤ ਨੂੰਹ
ਪਰ ਜੇ ਕੋਈ ਜਮੀਨ ਮਾਲਕ ਕੁਆਰਾ (ਛੜਾ) ਜਾਂ ਉਸ ਦਾ ਆਪਣਾ ਕੋਈ ਬੱਚਾ ਨਾ ਹੋਵੇ ਤਾਂ ਉਹ ਆਪਣੀ ਜਾਇਦਾਦ ਹੇਠ ਲਿਖੇ ਇਨ੍ਹਾਂ ਵਾਰਸਾਂ ਦੇ ਨਾਮ ਕਰ ਸਕਦਾ ਹੈ:
- ਭਰਾ
- ਭੈਣ
- ਭਤੀਜਾ
- ਭਤੀਜੀ
- ਭਾਣਜਾ
- ਭਾਣਜੀ
ਬਾਅਦ ਵਿੱਚ ਪੰਜਾਬ ਸਰਕਾਰ ਨੇ ਇਸ ਨੂੰ ਬਦਲ ਕੇ ਮਿਤੀ 12/05/2014 ਦੇ ਪੱਤਰ ਅਨੁਸਾਰ ਕੋਈ ਵਿਅਕਤੀ ਆਪਣੀ ਜ਼ਾਇਦਾਦ ਆਪਣੇ ਜੀਵਨ ਕਾਲ ਦੌਰਾਨ ਆਪਣੇ ਹੇਠ ਲਿਖੇ ਕੁੱਝ ਯੋਗ ਵਾਰਸਾਂ ਦੇ ਨਾ ਹੀ ਕਰ ਸਕਦਾ ਹੈ। ਉਹ ਇਸ ਪ੍ਰਕਾਰ ਹਨ:
- ਪੁੱਤਰ
- ਪੁੱਤਰੀਆਂ
- ਪੋਤੇ
- ਪੋਤੀਆਂ
- ਦੋਹਤੇ
- ਦੋਹਤੀਆਂ
- ਭਰਾ
- ਭੈਣ
ਪੰਜਾਬ ਸਰਕਾਰ ਦੀਆਂ ਇਨ੍ਹਾਂ ਹਦਾਇਤਾਂ ਅਨੁਸਾਰ ਹੁਣ ਤੁਸੀਂ ਸਿਰਫ ਉੱਤੇ ਦਿੱਤੇ ਕੁੱਝ ਯੋਗ ਰਿਸ਼ਤੇਦਾਰਾਂ ਦੇ ਨਾਮ ਹੀ ਆਪਣੀ ਜਾਇਦਾਦ ਤਬਦੀਲ ਕਰ ਸਕਦੇ ਹੋ ਅਤੇ ਇਹਨਾਂ ਦੇ ਨਾਮ ਜ਼ਾਇਦਾਦ ਤਬਦੀਲ ਕਰਨ ਤੇ ਅਸ਼ਟਾਮ ਡਿਊਟੀ ਤੋਂ ਛੋਟ ਹੋਵੇਗੀ। ਇਹ ਛੋਟ ਸ਼ਹਿਰੀ ਰਿਹਾਇਸ਼ੀ, ਕਮਰਸ਼ੀਅਲ, ਉੱਦਯੋਗਿਕ, ਖੇਤੀਬਾੜੀ ਅਤੇ ਪੇਂਡੂ ਰਿਹਾਇਸ਼ੀ ਲਾਲ ਲਕੀਰ ਤੋਂ ਬਾਹਰ ਵਾਲੇ ਜਾਇਦਾਦ ਦੇ ਮਾਲਕਾਂ ਨੂੰ ਦਿੱਤੀ ਗਈ ਹੈ।
ਪੰਜਾਬ ਸਰਕਾਰ ਦੇ ਇੱਕ ਹੋਰ ਪੱਤਰ ਮਿਤੀ 29/09/2014 ਅਨੁਸਾਰ ਹੁਣ ਖੂਨ ਦੇ ਰਿਸ਼ਤਿਆਂ ਨੂੰ ਹੋਰ ਸਪਸ਼ਟ ਕਰਦੇ ਹੋਏ ਹਦਾਇਤਾਂ ਜਾਰੀ ਕੀਤੀਆਂ ਹਨ। ਅਸ਼ਟਾਮ ਡਿਊਟੀ ਤੋਂ ਇਹ ਛੋਟ ਜਾਇਦਾਦ ਦੇ ਮਾਲਕਾਂ ਦੇ ਉਹਨਾਂ ਸਾਰੇ ਖੂਨ ਦੇ ਰਿਸ਼ਤਿਆਂ ਵਿੱਚ ਹੀ ਹੋਵੇਗੀ, ਜਿਨ੍ਹਾਂ ਦਾ ਵੇਰਵਾ ਹਿੰਦੂ ਵਰਾਸਤ ਐਕਟ, 1956 ਵਿੱਚ ਦਰਸਾਇਆ ਗਿਆ ਹੈ।
ਇਸ ਦੇ ਅਧੀਨ ਸਰਕਾਰੀ ਖਰਚਿਆਂ ਦਾ ਵੇਰਵਾ ਇਸ ਪ੍ਰਕਾਰ ਹੋਵੇਗਾ:
ਲੜੀ ਨੰ. | ਵਸੀਕਾ ਦੀ ਕਿਸਮ | ਅਸ਼ਟਾਮ ਡਿਊਟੀ | ਰਜਿਸਟਰੇਸ਼ਨ ਫੀਸ | ਸੁਵਿਧਾ ਫੀਸ |
01 | ਤਬਦੀਲਨਾਮਾ (ਮਿਉਂਸਪਲ ਕਾਰਪੋਰੇਸ਼ਨ ਦੀ ਹਦੂਦ ਅੰਦਰ ਅਤੇ ਹਦੂਦ ਤੋਂ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਆਉਦੇ ਪਿੰਡ) | 3% ਸ਼ੋਸ਼ਲ ਸਕਿਉਰਿਟੀ ਫੰਡ, 1% ਸ਼ੋਸ਼ਲ ਇੰਨਫਰਾਸਟਰੱਕਚਰ ਸੈਸ
|
1% ਜਾਂ ਵੱਧ ਤੋਂ ਵੱਧ 2 ਲੱਖ ਰੁਪਏ | 500 ਰੁਪਏ |
02 | ਤਬਦੀਲਨਾਮਾ (ਮਿਊਂਸਪਲ ਕਾਰਪੋਰੇਸ਼ਨ ਦੀ ਹਦੂਦ ਤੋਂ ਬਾਹਰ ਅਤੇ ਹਦੂਦ ਦਾਇਰੇ ਦੇ ਬਾਹਰ ਆਉਦੇ ਪਿੰਡ) | 1% ਸ਼ੋਸ਼ਲ ਇੰਨਫਰਾਸਟਰੱਕਚਰ ਸੈਸ
|
1% ਜਾਂ ਵੱਧ ਤੋਂ ਵੱਧ 2 ਲੱਖ ਰੁਪਏ | 500 ਰੁਪਏ |
ਨੋਟ- ਪੰਜਾਬ ਸਰਕਾਕ ਵੱਲੋਂ ਇੱਕ ਹੋਰ ਨੋਟੀਫਿਕੇਸ਼ਨ ਨੰਬਰ S.O.47/C.AXV/1908/Ss.78 ਅਤੇ ਮਿਤੀ 79/2015 ਮਿਤੀ 02/11/2015 ਨੰਬਰ S.O.48/C.A.2/1899/S.9/2015 ਮਿਤੀ 02/11/2015 ਅਨੁਸਾਰ ਕਿਸੇ ਮਾਲਕ ਪੁਰਸ਼ ਜਾਂ ਇਸਤਰੀ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਆਪਣੀ ਜ਼ਾਇਦਾਦ ਹੇਠ ਲਿਖੇ ਵਾਰਸਾਂ ਦੇ ਨਾਮ ਤਬਦੀਲ ਕਰਨੀ ਹੋਵੇ ਤਾਂ 3% ਸ਼ੋਸ਼ਲ ਸਕਿਉਰਿਟੀ ਫੰਡ, 1% ਸ਼ੋਸ਼ਲ ਇੰਨਫਰਾਸਟਰੱਕਚਰ ਸੈੱਸ ਅਤੇ 1% ਰਜਿਸਟਰੇਸ਼ਨ ਫੀਸ ਉੱਤੇ ਛੋਟ ਦਿੱਤੀ ਗਈ ਹੈ।
- ਪਤੀ
- ਪਤਨੀ
- ਪੁੱਤਰ
- ਪੁੱਤਰੀਆਂ
- ਪਿਤਾ
- ਮਾਤਾ
- ਭਰਾਵਾਂ
- ਭੈਣਾਂ
- ਪੋਤੇ
- ਪੋਤੀਆਂ
ਅਚੱਲ ਜਾਇਦਾਦ ਦੀ ਮਹਿਲਾ ਮਾਲਕ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਆਪਦੀ ਜਾਇਦਾਦ ਵਾਰਸਾਂ ਦੇ ਨਾਮ ਤਬਦੀਲ ਕਰਨਾ (Woman Rights Regarding Transfer of Property)-
ਪੰਜਾਬ ਸਰਕਾਰ ਦੇ ਹੁਕਮ ਮਿਤੀ 08-1-2004 ਅਨੁਸਾਰ ਅਚੱਲ ਜਾਇਦਾਦ ਦੀ ਮਹਿਲਾ ਮਾਲਕ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਆਪਣੀ ਜਾਇਦਾਦ ਹਿੰਦੂ ਵਰਾਸਤ ਐਕਟ, 1956 ਦੀ ਧਾਰਾ 15(1)(ੳ) ਅਨੁਸਾਰ ਹੇਠ ਲਿਖੇ ਵਾਰਸਾਂ ਦੇ ਨਾਮ ਤਬਦੀਲ ਕਰਵਾ ਸਕਦੀ ਹੈ:-
- ਪੁੱਤਰ
- ਪੁੱਤਰੀ
- ਪਤੀ
- ਪਹਿਲਾਂ ਮਰ ਚੁੱਕੇ ਪੁੱਤਰ ਦਾ ਪੁੱਤਰ ਜਾਂ ਪੁੱਤਰੀ
- ਪਹਿਲਾਂ ਮਰ ਚੁੱਕੀ ਪੁੱਤਰੀ ਦਾ ਪੁੱਤਰ ਜਾਂ ਪੁੱਤਰੀ
ਪ੍ਰੰਤੂ ਜੇਕਰ ਮਹਿਲਾ ਕੁਆਰੀ ਜਾਂ ਉਸਦਾ ਕੋਈ ਆਪਣਾ ਬੱਚਾ ਨਾ ਹੋਵੇ ਅਤੇ ਧਾਰਾ 15(1)(ੳ) ਮੁਤਾਬਿਕ ਵਾਰਸ ਨਾ ਹੋਵੇ ਤਾਂ ਉਹ ਆਪਣੀ ਜਾਇਦਾਦ ਹਿੰਦੂ ਵਰਾਸਤ ਐਕਟ, 1956 ਦੀ ਧਾਰਾ 15(1)(ਅ) ਅਤੇ (ੲ) ਅਨੁਸਾਰ ਹੇਠ ਲਿਖੇ ਵਾਰਸਾਂ ਦੇ ਨਾਮ ਤਬਦੀਲ ਕਰਵਾ ਸਕਦੀ ਹੈ:-
- ਧਾਰਾ 15(1) (ਅ) ਅਨੁਸਾਰ ਪਤੀ ਦੇ ਵਾਰਸਾਂ ਦੇ ਨਾਮ ਕਲਾਸ 1 ਅਤੇ 2
- ਧਾਰਾ 15(1) (ੲ) ਅਨੁਸਾਰ
- ਪਿਤਾ ਦੇ ਨਾਮ
- ਮਾਤਾ ਦੇ ਨਾਮ
ਕਿਸੀ ਵਿਅਕਤੀ ਵੱਲੋਂ ਕਰਵਾਈ ਗਈ ਰਜਿਸਟਰ ਜਾਂ ਖਾਨਗੀ ਵਸੀਅਤ ਨੂੰ ਤਬਦੀਲ ਕਰਨ ਸਬੰਧੀ ਜਾਣਕਾਰੀ-
ਜੇਕਰ ਕੋਈ ਵਿਅਕਤੀ ਆਪਣੀ ਜਾਇਦਾਦ ਸਬੰਧੀ ਆਪਣੇ ਬੱਚਿਆਂ ਦੇ ਨਾਂ ਜਾਂ ਕਿਸੇ ਹੋਰ ਵਿਅਕਤੀ ਦੇ ਨਾਂ ਰਜਿਸਟਰ ਜਾਂ ਖਾਨਗੀ ਵਸੀਅਤ ਕਰਵਾ ਦੇਵੇ, ਪ੍ਰੰਤੂ ਬਾਅਦ ਵਿੱਚ ਉਸਨੂੰ ਇਹ ਲੱਗੇ ਕਿ ਉਸ ਤੋਂ ਵਸੀਅਤ ਗਲਤ ਹੋ ਗਈ ਹੈ ਤਾਂ ਅਜਿਹੀ ਸਥਿਤੀ ਵਿੱਚ ਜੇਕਰ ਪਹਿਲੀ ਵਸੀਅਤ ਘਰ ਲਿਖੀ ਗਈ ਸੀ ਭਾਵ ਖਾਨਗੀ ਵਸੀਅਤ ਸੀ ਤਾਂ ਨਵੀਂ ਖਾਨਗੀ ਵਸੀਅਤ ਕਿਸੇ ਦੇ ਨਾਂ ਵੀ ਕਰ ਸਕਦਾ ਹੈ ਅਤੇ ਨਵੀਂ ਵਸੀਅਤ ਵਿੱਚ ਪਹਿਲਾਂ ਕੀਤੀ ਵਸੀਅਤ ਦਾ ਹਵਾਲਾ ਦਿੰਦੇ ਹੋਏ ਪੁਰਾਣੀ ਵਸੀਅਤ ਨੂੰ ਮਨਸੂਖ/ਰੱਦ ਕਰ ਸਕਦਾ ਹੈ ।
ਪ੍ਰੰਤੂ ਜੇਕਰ ਵਸੀਅਤ ਰਜਿਸਟਰਡ ਕਰਵਾਈ ਗਈ ਹੋਵੇ ਤਾਂ ਤਹਿਸੀਲ ਵਿੱਚ ਜਾ ਕੇ ਵਸੀਅਤ ਨੂੰ ਮਨਸੂਖ /ਰੱਦ ਕਰਵਾ ਸਕਦਾ ਹੈ ਅਤੇ ਜਿਸਦੇ ਨਾਮ ਚਾਹੇ ਨਵੀਂ ਵਸੀਅਤ ਵੀ ਕਰਵਾ ਸਕਦਾ ਹੈ।
ਬਜੁਰਗ ਵਿਅਕਤੀ (ਸੀਨੀਅਰ ਸਿਟੀਜ਼ਨ) ਵੱਲੋਂ ਜੀਵਨ ਕਾਲ ਦੌਰਾਨ ਵਾਰਸਾਂ ਦੇ ਨਾਂ ਕਰਵਾਈ ਬਿਨ੍ਹਾਂ ਅਸ਼ਟਾਮ ਵਾਲੀ ਰਜਿਸਟਰੀ ਨੂੰ ਰੱਦ/ਮਨਸੂਖ ਕਰਵਾਉਣ ਸਬੰਧੀ ਜਾਣਕਾਰੀ-
ਜੇਕਰ ਕੋਈ ਬਜੁਰਗ ਵਿਅਕੀਤ (ਸੀਨੀਅਰ ਸਿਟੀਜ਼ਨ) ਆਪਣੇ ਜੀਵਨ ਕਾਲ ਦੌਰਾਨ ਵਾਰਸਾਂ ਦੇ ਨਾਂ ਬਿਨ੍ਹਾਂ ਅਸ਼ਟਾਮ ਵਾਲੀ ਰਜਿਸਟਰੀ ਕਰਵਾ ਦੇਵੇ ਪਰ ਬਾਅਦ ਵਿੱਚ ਵਾਰਸ ਉਸ ਨਾਲ ਮਾੜਾ ਵਿਵਹਾਰ ਕਰਨ ਤਾਂ ਅਜਿਹੀ ਸਥਿਤੀ ਵਿੱਚ ਅਚੱਲ ਜਾਇਦਾਦ ਦੇ ਮਾਲਕ ਵੱਲੋਂ ਆਪਣੇ ਜੀਵਨ ਕਾਲ ਦੇ ਦੌਰਾਨ ਆਪਦੇ ਬੱਚਿਆਂ ਜਾਂ ਵਾਰਸਾਂ ਦੇ ਨਾਮ ਕਰਵਾਈ ਗਈ ਰਜਿਸਟਰ ਤਬਦੀਲ ਮਲਕੀਅਤ ਨਾਮਾ ਤੁੜਵਾਉਣ ਲਈ ਮਾਤਾ-ਪਿਤਾ ਅਤੇ ਸੀਨੀਅਰ ਨਾਗਰਿਕ ਦੀ ਦੇਖਭਾਲ ਅਤੇ ਭਲਾਈ ਐਕਟ, 2007 (Senior Citizens Act 2007) ਦੀ ਧਾਰਾ 4 ਅਧੀਨ ਐਸ.ਡੀ.ਐਮ. ਦੀ ਅਦਾਲਤ ਵਿੱਚ ਅਰਜ਼ੀ ਦੇ ਸਕਦਾ ਹੈ। ਐਸ.ਡੀ.ਐਮ. ਦੀ ਅਦਾਲਤ ਅਰਜ਼ੀ ਦੀ ਸੁਣਵਾਈ ਕਰਕੇ ਇਸ ਐਕਟ ਧਾਰਾ 23 ਦੇ ਅਧੀਨ ਕਾਰਵਾਈ ਗਈ ਰਜਿਸਟਰੀ ਰੱਦ ਕਰ ਸਕਦੀ ਹੈ। ਜੇਕਰ ਕੋਈ ਧਿਰ ਐਸ.ਡੀ.ਐਮ. ਦੇ ਹੁਕਮ ਦੇ ਖਿਲਾਫ ਅਪੀਲ ਕਰਨਾ ਚਾਹੇ ਉਹ ਮਾਤਾ-ਪਿਤਾ ਅਤੇ ਸੀਨੀਅਰ ਨਾਗਰਿਕ ਦੀ ਦੇਖਭਾਲ ਅਤੇ ਭਲਾਈ ਐਕਟ, 2007 ਦੀ ਧਾਰਾ 16 ਅਧੀਨ ਜਿਲ੍ਹਾ ਮੈਜਿਸਟਰੇਟ/ਡਿਪਟੀ ਕਮਿਸ਼ਨਰ ਦੀ ਅਦਾਲਤ ਵਿੱਚ ਅਪੀਲ ਦਾਇਰ ਕਰ ਸਕਦਾ ਹੈ।
1 thought on “Senior Citizen Rights And Woman Rights Regarding Transfer Of Property In Punjab”