ਗਿਰਦਾਵਰੀ (Girdawari in Punjab) ਨਾਲ ਸਬੰਧਤ ਵੱਖ ਵੱਖ ਨੁਕਤਿਆਂ ਬਾਰੇ ਸੱਪਸ਼ਟੀਕਰਨ ਵਾਸਤੇ FAQs
01) ਪ੍ਰਸ਼ਨ: ਗਿਰਦਾਵਰੀ ਦਾ ਕੀ ਅਰਥ ਹੈ ਅਤੇ ਇਸਦੇ ਕਰਨ ਦਾ ਕੀ ਕਾਰਣ ਹੈ?
ਉੱਤਰ: ਹਰ ਖੇਤ ਵਿੱਚ ਬੀਜੀ ਹੋਈ ਫਸਲ ਨੂੰ ਕੱਟੇ ਜਾਣ ਤੋਂ ਪਹਿਲਾਂ ਉਸ ਦੀ ਹਾਲਤ ਨੂੰ ਦੇਖਕੇ ਪਟਵਾਰੀ ਦੁਆਰਾ ਖਸਰਾ ਗਿਰਦਾਵਰੀ ਰਜ਼ਿਸਟਰ ਵਿੱਚ ਦਰਜ ਕਰਨ ਨੂੰ ਗਿਰਦਾਵਰੀ ਕਹਿੰਦੇ ਹਨ, ਗਰਦਾਵਰੀ ਕਰਨ ਦੇ ਦੋ ਮੁੱਖ ਕਾਰਣ ਹਨ:
- ਖੇਤ ਵਿੱਚ ਕਿਹੜੀ ਕਿਹੜੀ ਅਤੇ ਕਿਨੇ ਰਕਬੇ ਵਿੱਚ ਫਸਲ ਬੀਜੀ ਗਈ ਹੈ।
- ਜ਼ਮੀਨ ਤੇ ਕਬਜਾ ਕਿਸ ਦਾ ਹੈ ਅਤੇ ਮੁਜਾਰਾ ਮਾਲਕ ਨੂੰ ਕੀ ਲਗਾਨ ਦਿੰਦਾ ਹੈ ਅਤੇ ਜੇ ਕਿਸੇ ਖਸਰਾ ਨੰਬਰ ਦੇ ਟੁਕੜੇ ਬਣ ਗਏ ਹਨ ਤਾਂ ਉਸ ਦੀ ਜਾਣਕਾਰੀ ਵੀ ਹਾਸਲ ਕੀਤੀ ਜਾਂਦੀ ਹੈ।
02) ਪ੍ਰਸ਼ਨ: ਗਿਰਦਾਵਰੀ ਵਿੱਚ ਤਰਫ ਜਾਂ ਪੱਤੀ ਦਾ ਨਾਂ ਕਿਸ ਤਰ੍ਹਾਂ ਲਿਖਿਆ ਜਾਂਦਾ ਹੈ?
ਉੱਤਰ: ਜਿਹੜੇ ਪਿੰਡ ਦੀ ਕਿਸਮ ਪੱਤੀਦਾਰ ਹੈ, ਉਹਨਾਂ ਪਿੰਡਾ ਵਿੱਚ ਹੀ ਪੱਤੀ ਦਾ ਨਾਂ ਖਾਨਾ ਨੰਬਰ 2 ਵਿੱਚ ਲਿਖਣਾ ਹੈ। ਪੱਤੀ ਭਾਵ ਪਿੰਡ ਦਾ ਇੱਕ ਹਿੱਸਾ। ਕਈ ਥਾਵਾਂ ਤੇ ਇਸ ਨੂੰ ਅਗਵਾੜ ਵੀ ਆਖਿਆ ਜਾਂਦਾ ਹੈ, ਜਦੋਂ ਉਸ ਪੱਤੀ ਦੇ ਖੇਤ ਦਾ ਇੰਦਰਾਜ ਸ਼ੁਰੂ ਹੋ ਜਾਵੇ ਤਾਂ ਉਸ ਪੱਤੀ ਦਾ ਨਾਂ ਹੀ ਲਿਖਿਆ ਜਾਵੇਗਾ।
03)ਪ੍ਰਸ਼ਨ: ਜੇ ਇੱਕ ਖਸਰਾ ਨੰਬਰ ਵਿੱਚ ਇੱਕ ਤੋਂ ਵੱਧ ਵਿਅਕਤੀ ਕਾਸ਼ਤ ਕਰਦੇ ਹੋਣ ਤਾਂ ਗਿਰਦਾਵਰੀ ਨੂੰ ਲਿਖਣ ਦਾ ਕੀ ਢੰਗ ਹੈ?
ਉੱਤਰ : ਅਗਰ ਮੌਕੇ ਤੇ ਗਿਰਦਾਵਰੀ ਵੇਲੇ ਪਤਾ ਲੱਗੇ ਕਿ ਕਿਸੇ ਨੰਬਰ ਨੂੰ ਇੱਕ ਤੋਂ ਵੱਧ ਵਿਅਕਤੀ ਕਾਸ਼ਤ ਕਰਦੇ ਹਨ ਤਾਂ ਪਟਵਾਰੀ ਉਸ ਖੇਤ ਦਾ ਨਕਸ਼ਾ ਖਸਰਾ ਗਿਰਦਾਵਰੀ ਦੇ ਹਾਸ਼ੀਏ ਵਿੱਚ ਬਣਾਏਗਾ ਅਤੇ ਉਸ ਵਿੱਚ ਮੌਕੇ ਦੇ ਮੁਤਾਬਕ ਟੁਕੜੇ ਵੀ ਬਣਾਏਗਾ ਅਤੇ ਉਹਨਾਂ ਟੁਕੜਿਆਂ ਵਿੱਚ ਉਸ ਆਦਮੀਆਂ ਦੇ ਨਾਂ ਲਿਖੇਗਾ ਜਿਹੜਾ ਉਸ ਟੁਕੜੇ ਨੂੰ ਕਾਸ਼ਤ ਕਰਦਾ ਹੈ।
04) ਪ੍ਰਸ਼ਨ: ਖਸਰਾ ਗਿਰਦਾਵਰੀ ਵਿੱਚ ਗਲਤੀਆਂ ਨੂੰ ਰੋਕਣ ਲਈ ਕੀ ਕੀਤਾ ਜਾਂਦਾ ਹੈ?
ਉੱਤਰ: ਇਸ ਬਾਬਤ ਪਟਵਾਰੀ ਫਰਦ ਰਫਤਾਰ ਤਿਆਰ ਕਰਕੇ ਹਰ ਇੱਕ ਨੰਬਰਦਾਰ ਨੂੰ ਦੇਵੇਗਾ ਅਤੇ ਪਿੰਡ ਦੀ ਗਿਰਦਾਵਰੀ ਕਰਦੇ ਵੇਲੇ ਆਪਣੇ ਨਾਲ ਪਿੰਡ ਦਾ ਨੰਬਰਦਾਰ ਅਤੇ ਕਾਸ਼ਤਕਾਰਾਂ ਨੂੰ ਰੱਖੇਗਾ ਤਾਂਕਿ ਇਸ ਬਾਰੇ ਰੋਜ਼ਨਾਮਚਾ ਵਾਕਿਆਤੀ ਵਿੱਚ ਲਿਖੋ ਕਿ ਉਸ ਨਾਲ ਕਿਹੜਾ ਨੰਬਰਦਾਰ ਅਤੇ ਹੋਰ ਵਿਅਕਤੀ ਸਨ। ਨੰਬਰਦਾਰ ਦੇ ਦਸਖਤ ਰੋਜ਼ਨਾਮਚਾ ਵਾਕਿਆਤੀ ਵਿੱਚ ਕਰਵਾਉਣੇ ਚਾਹੀਦੇ ਹਨ।
05) ਪ੍ਰਸ਼ਨ: ਜੇ ਕਬਜਾ ਬਦਲ ਜਾਵੇ ਤਾਂ ਉਸ ਨੂੰ ਖਸਰਾ ਗਿਰਦਾਵਰੀ ਵਿੱਚ ਕਿਵੇਂ ਲਿਖਿਆ ਜਾਂਦਾ ਹੈ?
ਉੱਤਰ: ਜੇ ਕਬਜੇ ਵਿੱਚ ਤਬਦੀਲੀ ਸਬੰਧੀ ਮਾਲਕ ਪਹਿਲਾ ਅਤੇ ਨਵਾਂ ਕਾਸ਼ਤਕਾਰ ਸਹਿਮਤ ਹੋਣ ਜਾਂ ਅਦਾਲਤ ਦਾ ਹੁਕਮ ਹੋਵੇ ਤਾਂ ਇਸ ਹਾਲਤ ਵਿੱਚ ਹੀ ਹਲਕਾ ਪਟਵਾਰੀ ਇਸ ਦੀ ਤਬਦੀਲੀ ਕਰਦਾ ਹੈ ਅਤੇ ਇਸ ਦੀ ਰਿਪੋਰਟ ਰੋਜ਼ਨਾਮਚੇ ਵਿੱਚ ਦਰਜ ਕਰਦਾ ਹੈ।ਆਪਣੀ ਮਰਜੀ ਅਨੁਸਾਰ ਪਟਵਾਰੀ ਕੋਈ ਤਬਦੀਲੀ ਨਹੀਂ ਕਰ ਸਕਦਾ।
06) ਪ੍ਰਸ਼ਨ: ਖਸਰਾ ਗਿਰਦਾਵਰੀ ਵਿੱਚ ਖਰਾਬਾ (Kharaba) ਕਿਸ ਨੂੰ ਕਹਿੰਦੇ ਹਨ?
ਉੱਤਰ: ਜਦੋਂ ਕੋਈ ਫਸਲ ਕਿਸੇ ਕੁਦਰਤੀ ਆਫਤ ਕਾਰਨ ਜਿਵੇਂ: ਹੱੜ੍ਹ, ਭਾਰੀ ਮੀਂਹ ਜਾਂ ਸੋਕੇ ਕਾਰਨ ਖਰਾਬ ਹੋ ਜਾਵੇ ਤਾਂ ਹਲਕਾ ਪਟਵਾਰੀ ਉਸ ਦੀ ਸਪੈਸ਼ਲ ਗਿਰਦਾਵਰੀ ਕਰਦਾ ਹੈ ਅਤੇ ਕਿਨ੍ਹਾਂ ਨੁਕਸਾਨ ਹੋਇਆ ਇਸ ਨੂੰ ਨਿਰਧਾਰਤ ਕਰਦਾ ਹੈ।
07) ਪ੍ਰਸ਼ਨ: ਪਟਵਾਰੀ ਕਾਸ਼ਤ ਅਤੇ ਲਗਾਨ ਦੀ ਤਬਦੀਲੀ ਕਿਹੜੀ ਕਿਹੜੀ ਹਾਲਤ ਵਿੱਚ ਕਰ ਸਕਦਾ ਹੈ?
ਉੱਤਰ:
- ਪਟਵਾਰੀ ਕਾਸ਼ਤ ਅਤੇ ਲਗਾਨ ਦੀ ਤਬਦੀਲੀ ਤਦ ਹੀ ਕਰ ਸਕਦਾ ਹੈ ਜਦ ਦੋਵੇ ਧਿਰਾਂ ਰਾਜੀ ਹੋਣ ਅਤੇ ਜਾਂ ਕਿਸੇ ਅਦਾਲਤ ਵੱਲੋਂ ਤਬਦੀਲੀ ਦਾ ਹੁਕਮ ਹੋਇਆ ਹੋਵੇ। ਜੇਕਰ ਕੋਈ ਅਜਿਹੀ ਤਬਦੀਲੀ ਕਰਨੀ ਹੋਵੇ ਕਿ ਸਬੰਧਤ ਧਿਰਾਂ ਗਿਰਦਾਵਰੀ ਸਮੇਂ ਹਾਜਰ ਨਾ ਹੋਣ ਪਰ ਹੋਰ ਵਿਅਕਤੀ ਉਸ ਦੀ ਤਸਦੀਕ ਕਰਦੇ ਹੋਣ, ਤਦ ਉਸ ਦੀ ਤਬਦੀਲੀ ਕੀਤੀ ਜਾ ਸਕਦੀ ਹੈ। ਪਰ ਰੋਜ਼ਨਾਮਚੇ ਵਾਕਿਆਤੀ ਵਿੱਚ ਹਾਜਰ ਵਿਅਕਤੀਆਂ ਦਾ ਨਾਂ ਦਰਜ ਕੀਤਾ ਜਾਂਦਾ ਹੈ ਜੋ ਕਿਸੇ ਖਸਰਾ ਨੰਬਰ ਬਾਰੇ ਕਾਸ਼ਤ ਜਾਂ ਲਗਾਨ ਦਾ ਝੱਗੜਾ ਹੋਵੇ ਤਾਂ ਉਸ ਬਾਰੇ ਪਟਵਾਰੀ ਖਾਨਾ ਕਾਸ਼ਤ ਲਗਾਨ ਤੇ ਰੋਜ਼ਨਾਮਚਾ ਵਾਕਿਆਤੀ ਵਿੱਚ ਨੋਟ ਦੇਵੇਗਾ ਅਤੇ ਇਸ ਕਿਸਮ ਦੇ ਸਾਰੇ ਨੰਬਰਾਂ ਦੀ ਸੂਚੀ ਤਿਆਰ ਕਰਕੇ ਪੜਤਾਲ ਸਮੇਂ ਕਾਨੂੰਗੋ ਹਲਕਾ ਦੇ ਪੇਸ਼ ਕਰੇਗਾ ਤੇ ਹਲਕਾ ਕਾਨੂੰਗੋ ਹੁਕਮ ਲਈ ਇਹ ਸੂਚੀ ਅਗੇ ਰੈਵਨਿਉ ਅਫਸਰ ਨੂੰ ਭੇਜ ਦੇਵੇਗਾ।
- ਜਿਹਨਾਂ ਨੰਬਰਾਨ ਵਿੱਚ ਕਾਸ਼ਤ ਜਾਂ ਲਗਾਨ ਦੀ ਤਬਦੀਲੀ ਹੋਈ ਹੋਵੇ, ਤਾਂ ਲਗਾਨ ਤੇ ਕਾਸ਼ਤ ਦੇ ਖਸਰਾ ਨੰਬਰਾਨ ਦੀ ਅਲੱਗ ਅਲੱਗ ਸੂਚੀ ਤਿਆਰ ਕਰਕੇ ਰੋਜ਼ਨਾਮਚਾ ਵਾਕਿਆਤੀ ਵਿੱਚ ਦਰਜ ਕੀਤੀ ਜਾਵੇਗੀ ਅਤੇ ਕਾਨੂੰਗੋ ਹਲਕਾ ਆਪਣੀ ਪੜਤਾਲ ਵੇਲੇ ਇਨ੍ਹਾਂ ਦਾ ਮੁਕਾਬਲਾ ਕਰਕੇ ਆਪਣੇ ਦਸਖਤ ਕਰੇਗਾ।
- ਹਲਕਾ ਪਟਵਾਰੀ ਗਿਰਦਾਵਰੀ ਖਤਮ ਹੋਣ ਤੋਂ ਦਿਨ ਦੇ ਅੰਦਰ ਅੰਦਰ ਉਨ੍ਹਾਂ ਨਬਰਾਂਨ ਖਸਰਾ ਦੀ ਸੂਚੀ ਜਿਹਨਾਂ ਵਿੱਚ ਕਾਸ਼ਤ ਜਾਂ ਲਗਾਨ ਦੀ ਤਬਦੀਲੀ ਹੋਈ ਹੋਵੇ, ਗਰਾਮ ਪੰਚਾਇਤ ਨੂੰ ਦੇਵੇਗਾ।
08) ਪ੍ਰਸ਼ਨ: ਬੰਜਰ ਜਦੀਦ (Banjar Jadid) ਜ਼ਮੀਨ ਕਿਹੜੀ ਹੁੰਦੀ ਹੈ?
ਉੱਤਰ: ਜਿਸ ਜ਼ਮੀਨ ਉਪਰ ਪਿਛਲੇ ਪੰਜ ਸਾਲ ਤੋਂ ਕੁੱਝ ਨਾ ਬੀਜਿਆ ਗਿਆ ਹੋਵੇ ਉਸ ਨੂੰ ਬੰਜਰ ਜਦੀਦ ਜ਼ਮੀਨ ਕਿਹਾ ਜਾਂਦਾ ਹੈ।
ALSO Read Punjab Land Revenue Act, 1887 ਅਧੀਨ ਮਾਲ ਅਫਸਰ (ਤਹਿਸੀਲਦਾਰ/ਨਾਇਬ ਤਹਿਸੀਲਦਾਰ) ਰਾਹੀ ਜ਼ਮੀਨ ਦੀ ਤਕਸੀਮ
09) ਪ੍ਰਸ਼ਨ: ਗੈਰ ਮੁਮਕਿਨ ਜ਼ਮੀਨ (Gair Mumkin Jameen) ਕਿਹੜੀ ਹੁੰਦੀ ਹੈ?
ਉੱਤਰ:
- ਜਿਸ ਜ਼ਮੀਨ ਉਪਰ ਖੇਤੀ ਨਾ ਕੀਤੀ ਜਾਂਦੀ ਹੋਵੇ ਪਰ ਹੋਰ ਕੰਮਾਂ ਲਈ ਵਰਤੀ ਜਾਂਦੀ ਹੋਵੇ ਉਸ ਨੂੰ ਗੈਰ ਮੁਮਕਿਨ ਲਿਖਿਆ ਜਾਂਦਾ ਹੈ।
- ਜਿਹੜੀ ਜ਼ਮੀਨ ਸੜਕਾਂ ਲਈ ਵਰਤੀ ਜਾਂਦੀ ਹੋਵੇ ਉਸ ਨੂੰ ਗੈਰ ਮੁਮਕਿਨ-ਸੜਕ ਲਿਖਿਆ ਜਾਂਦਾ ਹੈ।
- ਜਿਹੜੀ ਜ਼ਮੀਨ ਅਬਾਦੀ ਲਈ ਵਰਤੀ ਜਾਂਦੀ ਹੋਵੇ ਉਸ ਨੂੰ ਗੈਰ ਮੁਮਕਿਨ- ਅਬਾਦੀ ਲਿਖਿਆ ਜਾਂਦਾ ਹੈ।
- ਜਿਹੜੀ ਜ਼ਮੀਨ ਚਰਾਂਦ ਲਈ ਵਰਤੀ ਜਾਂਦੀ ਹੋਵੇ ਉਸ ਨੂੰ ਗੈਰ ਮੁਮਕਿਨ- ਚਰਾਂਦ ਲਿਖਿਆ ਜਾਂਦਾ ਹੈ।
10) ਪ੍ਰਸ਼ਨ: ਕੱਲ੍ਹਰ, ਥੂਰ, ਸੇਮ ਆਦਿ ਜ਼ਮੀਨ ਨੂੰ ਪਟਵਾਰੀ ਗਿਰਦਾਵਰੀ ਵਿੱਚ ਕਿਵੇਂ ਲਿਖਦਾ ਹੈ?
ਉੱਤਰ: ਪਟਵਾਰੀ ਖਸਰਾ ਗਿਰਦਾਵਰੀ ਵਿੱਚ ‘ਖ਼ਾਲੀ’ ਸ਼ਬਦ ਦੇ ਨਾਲ ਵਜ੍ਹਾ ਥੂਰ ਕਾਰਨ ਜਾਂ ਕੱਲ੍ਹਰ ਕਾਰਨ ਲਿਖ ਦਿੰਦਾ ਹੈ।
11) ਪ੍ਰਸ਼ਨ: ਜਿਹਨਾਂ ਖੇਤਾਂ ਵਿੱਚ ਮਾਲੀਏ ਦੀ ਮਾਫੀ ਹੋਈ ਹੋਵੇ, ਉਨ੍ਹਾਂ ਨੂੰ ਖਸਰਾ ਗਿਰਦਾਵਰੀ ਵਿੱਚ ਕਿਵੇਂ ਦਿਖਾਇਆ ਜਾਂਦਾ ਹੈ?
ਉੱਤਰ: ਮਾਲੀਏ ਦੀ ਮਾਫੀ ਵਾਲੇ ਖਸਰਾ ਨੰਬਰਾਂ ਦੇ ਆਲੇ ਦੁਆਲੇ ਲਾਲ ਦਾਇਰਾ ਲਾ ਲਿਆ ਜਾਂਦਾ ਹੈ।
12) ਪ੍ਰਸ਼ਨ: ਕੀ ਕਿਸੇ ਪੱਕੇ ਸਰਵੇ ਨਿਸ਼ਾਨ ਜਾਂ ਸਰਹੱਦ ਦੀ ਬੇਸ ਲਾਈਨ ਨੂੰ ਗਿਰਦਾਵਰੀ ਵਿੱਚ ਕਾਸ਼ਤ ਦਾ ਕੋਈ ਨੰਬਰ ਦਿੱਤਾ ਜਾਂਦਾ ਹੈ?
ਉੱਤਰ: ਨਹੀਂ, ਇਸ ਤੋਂ ਅਗਲੇ ਨੰਬਰ ਨੂੰ ਜੋ ਇਸ ਦੇ ਨਾਲ ਲਗਦਾ ਹੋਵੇ, ਸੁਰਖੀ ਨਾਲ ਲਿਖਿਆ ਜਾਂਦਾ ਹੈ।
13) ਪ੍ਰਸ਼ਨ: ਜੇਕਰ ਕਾਸ਼ਤਕਾਰ ਦੀ ਕੋਈ ਤਬਦੀਲੀ ਨਾ ਹੋਈ ਹੋਵੇ ਤਾਂ ਪਟਵਾਰੀ ਇਸ ਤਰ੍ਹਾਂ ਦੇ ਇੰਦਰਾਜ ਨੂੰ ਖਸਰਾ ਗਿਰਦਾਵਰੀ ਵਿੱਚ ਕਿਵੇਂ ਕਰਦਾ ਹੈ?
ਉੱਤਰ: ਜੇ ਕਾਸ਼ਤ ਤਬਦੀਲੀ ਨਾ ਹੋਵੇ ਤਾਂ ਖਸਰਾ ਗਿਰਦਾਵਰੀ ਦੇ ਖਾਨਾ ਕਾਸ਼ਤ ਵਿੱਚ ਸਾਉਣੀ ਦੀ ਗਿਰਦਾਵਰੀ ਵੇਲੇ ਪਟਵਾਰੀ ਖੱਬੇ ਹੱਥ ਵਾਲੀ ਉਪਰਲੀ ਨੁੱਕਰ ਤੋਂ ਸੱਜੇ ਹੱਥ ਵਾਲੀ ਹੇਠਲੀ ਨੁੱਕਰ ਵੱਲ ਇੱਕ ਲਾਈਨ ਚ ਦਿੰਦਾ ਹੈ ਅਤੇ ਇਸ ਤਰ੍ਹਾਂ ਹਾੜੀ ਦੀ ਗਿਰਵਾਵਰੀ ਵੇਲੇ ਕਰਦਾ ਹੈ।
14) ਪ੍ਰਸ਼ਨ: ਕੀ ਪਟਵਾਰੀ ਝੱਗੜੇ ਵਾਲੇ ਇੰਦਰਾਜ ਨੂੰ ਖਸਰਾ ਗਿਰਦਾਵਰੀ ਵਿੱਚ ਬਦਲ ਸਕਦਾ ਹੈ?
ਉੱਤਰ: ਪਟਵਾਰੀ ਲੱਗੜੇ ਵਾਲੇ ਇੰਦਰਾਜ ਨੂੰ ਆਪਣੇ ਆਪ ਨਹੀਂ ਬਦਲ ਸਕਦਾ, ਬਲਕਿ ਜੇਕਰ ਅਜਿਹੇ ਇੰਦਰਾਜ ਮਾਲਕ ਜਾਂ ਕਾਸ਼ਤਕਾਰ ਸਬੰਧੀ ਹੋਣ ਤਾਂ ਹਲਕਾ ਕਾਨੂੰਗੋ ਰਾਹੀਂ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਨੂੰ ਫੈਸਲੇ ਲਈ ਭੇਜੇਗਾ।
15) ਪ੍ਰਸ਼ਨ: ਕੀ ਪਟਵਾਰੀ ਹਿਸਾਬਤ ਕਿਤਾਬਤ ਗਲਤੀਆਂ ਦੇ ਇੰਦਰਾਜ ਖਸਰਾ ਗਿਰਦਾਵਰੀ ਵਿੱਚ ਦਰੁਸਤ ਕਰ ਸਕਦਾ ਹੈ?
ਉੱਤਰ: ਜੇਕਰ ਖਸਰਾ ਗਿਰਦਾਵਰੀ ਵਿੱਚ ਲਿਖੇ ਇੰਦਰਾਜ ਹਿਸਾਬਤ ਕਿਤਾਬਤ ਦੀ ਗਲਤੀ ਬਾਰੇ ਪਟਵਾਰੀ ਨੇ ਠੀਕ ਕਰਨਾ ਹੋਵੇ ਤਾਂ ਉਹ ਰੋਜ਼ਨਾਮਚਾ ਵਾਕਿਆਤੀ ਵਿੱਚ ਗੱਲਤ ਇੰਦਰਾਜਾਂ ਦੀ ਬਜਾਏ ਠੀਕ ਇੰਦਰਾਜ ਸੁਰਖੀ ਨਾਲ ਲਿਖੇਗਾ ਅਤੇ ਸਰੀਆਂ ਅਜਿਹੀਆਂ ਗਲਤੀਆਂ ਦਾ ਵੇਰਵਾ ਹਲਕਾ ਕਾਨੂੰਗੋ ਨੂੰ ਪੇਸ਼ ਕਰੇਗਾ ਅਤੇ ਬਾਛ ਪੇਪਰ ਬਣਾਉਣ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੇ ਇੰਦਰਾਜ ਠੀਕ ਕੀਤੇ ਜਾ ਸਕਦੇ ਹਨ।
16) ਪ੍ਰਸ਼ਨ: ਜਿਸ ਸਾਲ ਨਵੀਂ ਜਮ੍ਹਾਂਬੰਦੀ ਬਣਨੀ ਹੋਵੇ ਉਸ ਸਾਲ ਹੱਕਦਾਰਾਂ ਨੂੰ ਗਿਰਦਾਵਰੀ ਸਬੰਧੀ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?
ਉੱਤਰ: ਕਿਉਂਕਿ ਨਵੀਂ ਜਮ੍ਹਾਂਬੰਦੀ ਵਿੱਚ ਆਖਰੀ ਫਸਲਾਂ ਦਾ ਇੰਦਰਾਜ ਆਉਂਦਾ ਹੈ, ਇਸ ਲਈ ਹੱਕਦਾਰਾਂ ਨੂੰ ਚਾਹੀਦਾ ਹੈ ਕਿ ਉਹ ਕਾਸ਼ਤ ਨਾਲ ਸਬੰਧਤ ਇੰਦਰਾਜ ਦੀ ਨਵੀਂ ਜਮ੍ਹਾਂਬੰਦੀ ਬਣਨ ਤੋਂ ਪਹਿਲਾਂ ਤਸੱਲੀਕਰ ਲੈਣ ਅਤੇ ਪਟਵਾਰੀ ਕੋਲੋਂ ਗਿਰਦਾਵਰੀ ਆਪਣੀ ਹਾਜਰੀ ਵਿੱਚ ਕਰਵਾਉਣ ਅਤੇ ਉਸ ਦੀ ਨਕਲ ਜਰੂਰ ਲੈ ਲੈਣ।
17) ਪ੍ਰਸ਼ਨ: ਗੈਰ-ਮੁਮਕਿਨ ਜਮੀਨ ਦਾ ਦਖਲ ਕਿਵੇਂ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਖਸਰਾ ਗਿਰਦਾਵਰੀ ਵਿੱਚ ਕਿਵੇਂ ਦਰਜ ਕੀਤਾ ਜਾਂਦਾ ਹੈ?
ਉੱਤਰ: ਅਦਾਲਤ ਵਲੋਂ ਆਏ ਹੁਕਮ ਅਰਜਾਏ ਦੇ ਅਨੁਸਾਰ ਗੈਰ-ਮੁਮਕਿਨ ਜ਼ਮੀਨ ਦਾ ਦਖਲ ਉਸਦੇ ਆਲੇ ਦੁਆਲੇ ਚੱਕਰ ਲਾ ਕੇ ਡਿਗਰੀਦਾਰਾਂ ਨੂੰ ਦਿੱਤਾ ਜਾਂਦਾ ਹੈ ਅਤੇ ਹੁਕਮ ਅਦਾਲਤ ਜਿਸ ਰਾਹੀਂ ਤਬਦੀਲੀ ਇੰਦਰਾਜ ਬਾਬਤ ਮਲਕੀਅਤ ਵਾ ਲਗਾਨ ਹੋਵੇ ਦਾ ਜਿਕਰ ਲਾਲ ਸਿਆਹੀ ਨਾਲ ਦਰਜ ਕੀਤਾ ਜਾਂਦਾ ਹੈ।
18) ਪ੍ਰਸ਼ਨ: ਅਦਾਲਤ ਦੇ ਹੁਕਮ ਅਨੁਸਾਰ ਦਖਲ ਦਿੰਦੇ ਸਮੇਂ ਕਿਹੜੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ?
ਉੱਤਰ: ਡਿਗਰੀਦਾਰ ਅਦਾਲਤ ਤੋਂ ਇਜਰਾਏ ਕਰਵਾ ਕੇ ਵਾਰੰਟ ਦਖਲ ਜਾਰੀ ਕਰਾਉਂਦਾ ਹੈ ਜੋ ਉੱਪਰਲੇ ਮਾਲ ਅਧਿਕਾਰੀਆਂ ਵਲੋਂ ਹਲਕਾ ਕਾਨੂੰਗੋ ਨੂੰ ਅਦਾਲਤ ਵਲੋਂ ਨਿਸ਼ਚਤ ਤਰੀਖ ਦੇ ਅੰਦਰ-ਅੰਦਰ ਮੌਕੇ ਉੱਤੇ ਕਬਜਾ ਦੇਣ ਲਈ ਭੇਜਿਆ ਜਾਂਦਾ ਹੈ। ਕਾਨੂੰਗੋ ਹਲਕਾ, ਸਬੰਧਤ ਦਾਅਵੇਦਾਰਾਂ ਨੂੰ ਦਖਲ ਦੀ ਤਰੀਖ ਦੀ ਇਤਲਾਹ ਭੇਜਦਾ ਹੈ ਅਤੇ ਨਿਸ਼ਚਤ ਤਾਰੀਖ ਨੂੰ ਜੇਕਰ ਜ਼ਮੀਨ ਕਾਸ਼ਤ ਹੋਵੇ ਤਾਂ ਉਸ ਵਿੱਚ ਮੌਕੇ ਤੇ ਹਲ ਚਲਵਾ ਕੇ ਜੇ ਜ਼ਮੀਨ ਗੈਰ-ਮੁਮਕਿਨ ਹੋਵੇ ਤਾਂ ਜ਼ਮੀਨ ਦੇ ਆਲੇ ਦੁਆਲੇ ਚੱਕਰ ਲਾ ਕੇ ਕਬਜਾ ਦਿੰਦਾ ਹੈ। ਕਬਜਾ ਦਿੰਦੇ ਸਮੇਂ ਚੌਕੀਦਾਰ ਡਿਗਰੀਦਾਰ ਪਾਰਟੀ ਤੋਂ ਇਲਾਵਾ ਮੁਹਤਬਰ ਆਦਮੀ, ਜਿਵੇਂ ਕਿ ਨੰਬਰਦਾਰ, ਸਰਪੰਚ ਜਾਂ ਕੋਈ ਦੂਜੇ ਅਹੁਦੇਦਾਰਾਂ ਦਾ ਮੌਕੇ ਤੇ ਹੋਣਾ ਜਰੂਰੀ ਹੈ। ਫਿਰ ਕਾਨੂੰਗੋ ਵਾਰੰਟ ਦਾਖਲ ਦੀ ਪਿੱਠ ਉੱਤੇ ਕਾਰਵਾਈ ਦਖਲ ਹਾਜਰ ਵਿਅਕਤੀਆਂ ਦੇ ਨਾਮ ਜਿੱਥੇ ਦਖਲ ਦੀ ਕਾਰਵਾਈ ਲਿਖੀ ਗਈ ਹੋਵੇ, ਉਸ ਜਗ੍ਹਾ ਦਾ ਨਾਮ ਲਿਖਦਾ ਹੈ ਅਤੇ ਹਾਜਰ ਵਿਅਕਤੀਆਂ ਦੇ ਦਸਖਤ ਜਾਂ ਅਗੂੰਠਾ ਲਗਵਾ ਲੈਂਦਾ ਹੈ।
ਪਟਵਾਰੀ ਹਲਕਾ ਦਖਲ ਦੇਣ ਦੇ ਵਾਕੇ ਨੂੰ ਰੋਜ਼ਨਾਮਚਾ ਵਾਕਿਆਤੀ ਵਿੱਚ ਉਪਰੋਕਤ ਦਖਲ ਦੀ ਕਾਰਵਾਈ ਹੂਬਹੂ ਨਕਲ ਦਰਜ ਕਰਦਾ ਹੈ। ਦਖਲ ਦੇਣ ਤੋਂ ਬਾਅਦ ਪਿੰਡ ਵਿੱਚ ਚੌਕੀਦਾਰ ਰਾਹੀਂ, ਉਜਰਤ ਦੇ ਕੇ ਮੁਸ਼ਤਰੀ ਮੁਨਾਦੀ ਵੀ ਕਰਵਾਉਂਦਾ ਹੈ ਅਤੇ ਵਰੰਟ ਦਖਲ ਕਾਨੂੰਗੋ ਵੱਲੋਂ ਉਪਰਲੇ ਮਾਲ ਅਫਸਰ ਰਾਹੀਂ ਸਬੰਧਤ ਅਦਾਲਤ ਨੂੰ ਭੇਜ ਦਿੱਤਾ ਜਾਂਦਾ ਹੈ।
19) ਪ੍ਰਸ਼ਨ: ਜੇ ਮੋਕੇ ਉੱਤੇ ਫਸਲ ਖੜੀ ਹੋਵੇ ਤਾਂ ਦਖਲ ਕਾਰਵਾਈ ਵੇਲੇ ਹੋਰ ਕੀ ਕਰਨਾ ਹੁੰਦਾ ਹੈ?
ਉੱਤਰ: ਇਸ ਸਬੰਧ ਵਿੱਚ ਹਲਕਾ ਕਾਨੂੰਗੋ ਅਦਾਲਤ ਦੇ ਹੁਕਮ ਦੀ ਪਾਲਣਾ ਕਰਦਾ ਹੈ। ਜੇਕਰ ਅਦਾਲਤ ਨੇ ਸਪੱਸ਼ਟ ਤੌਰ ਤੇ ਕੋਈ ਹੁਕਮ ਨਾ ਦਿੱਤਾ ਗਿਆ ਹੋਵੇ ਤਾਂ ਉਹ ਅਦਾਲਤ ਤੋਂ ਇਸ ਬਾਰੇ ਰਹਿਬਰੀ ਪ੍ਰਾਪਤ ਕਰਦਾ ਹੈ। ਅਦਾਲਤ ਜਾਂ ਤਾਂ ਫਸਲ ਕੱਟਣ ਪਿੱਛੋਂ ਕਬਜੇ ਦੇ ਹੁਕਮ ਦੁਬਾਰਾ ਭੇਜਦੀ ਹੈ ਜਾਂ ਖੜੀ ਫਸਲ ਦਾ ਮੁਆਵਜਾ ਨਿਰਧਾਰਤ ਕਰਵਾ ਕੇ ਅਤੇ ਡਿਗਰੀਦਾਰਾਂ ਤੋਂ ਅਦਾਲਤ ਵਿੱਚ ਜਮ੍ਹਾਂ ਕਰਵਾਕੇ ਫਸਲ ਸਮੇਤ ਕਬਜੇ ਦੇ ਹੁਕਮ ਜਾਰੀ ਕਰਦੀ ਹੈ।
1 thought on “Understanding Girdawari in Punjab”