ਗਿਰਦਾਵਰੀ (Girdawari In Punjab)
ਗਿਰਦਾਵਰੀ ਦਾ ਮਤਲਬ ਪਟਵਾਰੀ ਹਲਕਾ ਵੱਲੋਂ ਹਰ ਖੇਤ ਵਿੱਚ ਜਾ ਕੇ ਫਸਲ ਦਾ ਮੁਆਇਨਾ ਕਰਨਾ ਹੁੰਦਾ ਹੈ। ਪੰਜਾਬ ਵਿੱਚ ਆਮ ਤੌਰ ਤੇ ਗਿਰਦਾਵਰੀ (Girdawari In Punjab) ਸਾਲ ਵਿੱਚ ਦੋ ਬਾਰ ਕੀਤੀ ਜਾਂਦੀ ਹੈ। ਕਈ ਇਲਾਕਿਆਂ ਵਿੱਚ ਗਿਰਦਾਵਰੀ ਦੋ ਜਾਂ ਦੋ ਤੋਂ ਵੱਧ ਵਾਰ ਵੀ ਕੀਤੀ ਜਾਂਦੀ ਹੈ। ਗਿਰਦਾਵਰੀ ਤੋਂ ਪਹਿਲਾਂ ਪਟਵਾਰੀ ਹਲਕਾ ਵੱਲੋਂ ਫਰਦ ਰਫਤਾਰ ਤਿਆਰ ਕੀਤੀ ਜਾਂਦੀ ਹੈ।
ਫਰਦ ਰਫਤਾਰ (Fard Raftar)
ਭਾਵ ਕਿਸ ਪਿੰਡ ਵਿੱਚ ਗਿਰਦਾਵਰੀ ਕਿਸ ਤਾਰੀਖ ਤੋਂ ਸੁਰੂ ਹੋਣੀ ਹੈ ਅਤੇ ਕਿਹੜੀ ਤਾਰੀਖ ਨੂੰ ਖਤਮ ਹੋਣੀ ਹੈ। ਫਰਦ ਰਫਤਾਰ ਦੀ ਇੱਕ ਕਾਪੀ ਕਾਨੂੰਗੋ ਹਲਕਾ ਰਾਹੀਂ ਤਹਿਸੀਲ ਵਿੱਚ ਭੇਜੀ ਜਾਂਦੀ ਹੈ । ਫਰਦ ਰਫਤਾਰ ਸਬੰਧੀ ਰਪਟ ਰੋਜਨਾਮਚਾ ਵਿੱਚ ਦਰਜ ਕਰਕੇ ਪਿੰਡ ਵਿੱਚ ਮੁਸਤਰੀ ਮੁਨਾਦੀ ਕਰਵਾਈ ਜਾਂਦੀ ਹੈ ਅਤੇ ਫਰਦ ਰਫਤਾਰ ਦੀ ਇੱਕ-ਇੱਕ ਕਾਪੀ ਪਿੰਡ ਦੇ ਨੰਬਰਦਾਰ ਅਤੇ ਪੰਚਾਇਤ ਪਾਸ ਵੀ ਭੇਜੀ ਜਾਂਦੀ ਹੈ। ਜ਼ਿਲ੍ਹੇ ਦਾ ਕੁਲੈਕਟਰ ਗਿਰਦਾਵਰੀ ਦੀ ਤਾਰੀਖ 15 ਦਿਨਾਂ ਤੱਕ ਮੁਲਤਵੀ ਕਰ ਸਕਦਾ ਹੈ।
ਗਿਰਦਾਵਰੀ ਵਾਲੇ ਦਿਨ ਪਟਵਾਰੀ ਹਲਕਾ ਪਿੰਡ ਦੇ ਨੰਬਰਦਾਰ, ਚੌਕੀਦਾਰ, ਪੰਚਾਇਤ ਅਤੇ ਹੋਰ ਮਾਲਕਾਨ, ਕਾਸ਼ਤਕਾਰਾਨ ਨੂੰ ਨਾਲ ਲੈ ਕੇ ਫਸਲਾਂ ਦਾ ਮੁਆਇਨਾਂ ਕਰਦਾ ਹੈ ਅਤੇ ਆਪਣੇ ਰਜਿਸਟਰ ਵਿੱਚ ਫਸਲ ਅਤੇ ਫਸਲ ਅਧੀਨ ਰਕਬਾ ਦਰਜ਼ ਕਰਦਾ ਹੈ ।
ਗਿਰਦਾਵਰੀ ਦਾ ਤਰੀਕਾ- (Process Of Girdawari in Punjab)
- ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰਾ 9.9 ਅਨੁਸਾਰ ਗਿਰਦਾਵਰੀ ਸ਼ੁਰੂ ਕਰਨ ਤੋਂ ਪਹਿਲਾਂ ਪਟਵਾਰੀ ਦਾ ਮੁੱਖ ਕੰਮ ਹੈ ਕਿ ਉਹ ਪਿੰਡ ਤੇ ਸਰਪੰਚ ਅਤੇ ਨੰਬਰਦਾਰ ਨੂੰ ਫਰਦ ਰਫਤਾਰ ਗਿਰਦਾਵਰੀ ਦੇਵੇ, ਜਿਸ ਤੋਂ ਪਤਾ ਲੱਗ ਸਕੇ ਕਿ ਉਸਨੇ ਮੁਤਲੱਕਾ ਪਿੰਡ ਦੀ ਗਿਰਦਾਵਰੀ ਕਿਹੜੀ ਤਾਰੀਖ ਤੋਂ ਕਿਹੜੀ ਤਾਰੀਕ ਤੱਕ ਕਰਨੀ ਹੈ ਅਤੇ ਗਿਰਦਾਵਰੀ ਕਰਨ ਸਮੇਂ ਪਿੰਡ ਦੇ ਨੰਬਰਦਾਰ ਸਰਪੰਚ ਜਾਂ ਮੈਂਬਰ ਪੰਚਾਇਤ ਜਾਂ ਹੋਰ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਖੇਤ-ਖੇਤ ਜਾਵੇ ਅਤੇ ਰੋਜਨਾਮਚਾ ਵਾਕਿਅਤੀ ਵਿਚ ਉਨ੍ਹਾਂ ਦੇ ਦਸਖਤ ਕਰਵਾਵੇ ।
- ਗਿਰਦਾਵਰੀ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਦੇ ਚੌਂਕੀਦਾਰ ਰਾਹੀਂ ਇਸ ਬਾਰੇ ਮੁਸ਼ਤਰੀ ਮੁਨਾਦੀ ਵੀ ਕਰਵਾਉਣੀ ਹੁੰਦੀ ਹੈ। ਇਸ ਸੰਬੰਧੀ ਉਹ ਰੋਜਨਾਮਚੇ ਵਿਚ ਰਿਪੋਰਟ ਦਰਜ ਕਰਦਾ ਹੈ ਅਤੇ ਮੌਕੇ ਅਨੁਸਾਰ ਰਜਿਸਟਰ ਗਿਰਦਾਵਰੀ ਵਿੱਚ ਇੰਦਰਾਜ ਕਰਦਾ ਹੈ। ਭੋਂ ਮਾਲਕਾਂ ਕਾਸ਼ਤਕਾਰਾਂ ਨੂੰ ਵੀ ਚਾਹੀਦਾ ਹੈ ਕਿ ਜਦੋਂ ਉਨ੍ਹਾਂ ਦੇ ਖੇਤਾਂ ਦੀ ਗਿਰਦਾਵਰੀ ਕੀਤੀ ਜਾਵੇ ਤਾਂ ਉਹ ਪਟਵਾਰੀ ਨੂੰ ਇਸ ਕੰਮ ਵਿੱਚ ਪੂਰਨ ਸਹਿਯੋਗ ਦੇਣ ।
- ਪਟਵਾਰੀ ਨੂੰ ਗਿਰਦਾਵਰੀ ਦੇ ਵਿੱਚ ਤਬਦੀਲੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪਟਵਾਰੀ ਸਿਰਫ ਉਸ ਹਾਲਤ ਵਿੱਚ ਹੀ ਗਿਰਦਾਵਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਦੇ ਨਾਂ ਤਬਦੀਲ ਕਰ ਸਕਦਾ ਹੈ, ਜਦੋਂ ਕਿ ਦੋਨੋਂ ਧਿਰਾਂ ਰਜਾਮੰਦ ਹੋਣ ਅਤੇ ਇਸ ਸੰਬੰਧੀ ਰੋਜਨਾਮਚਾ ਵਾਕਿਅਤੀ ਵਿੱਚ ਰਿਪੋਰਟ ਅੱਗੇ ਹਸਤਾਖਰ ਕਰਨਾ । ਇਸ ਤੋਂ ਇਲਾਵਾ ਪਟਵਾਰੀ ਗਿਰਦਾਵਰੀ ਰਜਿਸਟਰ ਵਿੱਚ ਉੱਚਾ ਅਫਸਰਾਂ ਵੱਲੋਂ ਆਏ ਹੁਕਮਾਂ ਮੁਤਾਬਕ ਹੀ ਤਬਦੀਲੀਆਂ ਕਰ ਸਕਦਾ ਹੈ, ਜੇਕਰ ਉਹ ਹੁਕਮ ਉਸ ਹਲਕੇ ਦੇ ਮਾਲ ਅਧਿਕਾਰੀ ਵਲੋਂ ਅਮਲ ਦਰਾਮਦ ਕਰਨ ਲਈ ਆਏ ਹੋਣ । ਪਟਵਾਰੀ ਦਾ ਇਹ ਵੀ ਕੰਮ ਹੈ ਕਿ ਜਿਹੜੇ ਇੰਤਕਾਲ ਹਲਕਾ ਮਾਲ ਅਧਿਕਾਰੀ ਵਲੋਂ ਮਨਜੂਰ ਹੋ ਜਾਂਦੇ ਹਨ, ਉਨ੍ਹਾਂ ਅਨੁਸਾਰ ਹਕੂਕ ਪ੍ਰਾਪਤ ਕਰਨ ਬਾਰੇ ਸਬੰਧਤ ਖਸਰਿਆਂ ਦੇ ਸਾਹਮਣੇ ਹਵਾਲਾ ਦੇਵੈ ।
- ਜਦੋਂ ਗਿਰਦਾਵਰੀ ਸਬੰਧੀ ਕੋਈ ਝਗੜਾ ਹੋਵੇ ਤਾਂ ਪਟਵਾਰੀ ਨੂੰ ਇਹ ਕੋਈ ਅਧਿਕਾਰ ਨਹੀਂ ਕਿ ਉਹ ਉਸ ਵਿੱਚ ਕੋਈ ਤਬਦੀਲੀ ਕਰੇ ਅਜਿਹੀ ਹਾਲਤ ਵਿੱਚ ਪਟਵਾਰੀ ਹਲਕਾ ਨੇ ਝਗੜੇ ਵਾਲੇ ਨੰਬਰਾਂ ਵਿੱਚ ਬੀਜੀ ਫਸਲ ਦਾ ਹਵਾਲਾ ਦੇ ਕੇ ਆਪਣੇ ਉੱਚ ਅਧਿਕਾਰੀਆਂ ਨੂੰ ਉਸ ਸਬੰਧੀ ਰਿਪੋਰਟ ਕਰਨੀ ਹੁੰਦੀ ਹੈ। ਜਦੋਂ ਗਿਰਦਾਵਰੀ ਵਿੱਚ ਕਬਜੇ ਬਾਰੇ ਦਰੁਸਤੀ ਕਰਵਾਉਣੀ ਹੋਵੇ ਤਾਂ ਹਲਕਾ ਅਧਿਕਾਰੀ ਨੂੰ ਦਰੁਸਤੀ ਗਿਰਦਾਵਰੀ ਬਾਰੇ ਸੰਬੰਧਤ ਵਿਅਕਤੀ ਸਵਾ ਰੁਪਏ ਦੀ ਕੋਰਟ ਫੀਸ ਲਾ ਕੇ ਦਰਖਾਸਤ ਦੇਵੇ ਜਿਸ ਨਾਲ ਗਿਰਦਾਵਰੀ ਦੀ ਫਰਦ ਸ਼ਾਮਲ ਕੀਤੀ ਜਾਂਦੀ ਹੈ।ਹਲਕਾ ਮਾਲ ਅਧਿਕਾਰੀ ਵਲੋਂ ਕੀਤੇ ਫੈਸਲੇ ਅਨੁਸਾਰ ਪਟਵਾਰੀ ਵਲੋਂ ਰਿਕਾਰਡ ਵਿੱਚ ਦਰੁਸਤੀ ਕਰ ਦਿੱਤੀ ਜਾਂਦੀ ਹੈ।
ALSO READ Understanding Girdawari in Punjab
ਗਿਰਦਾਵਰੀ ਦੀਆਂ ਕਿਸਮਾਂ
ਕੁਦਰਤੀ ਆਫਤਾਂ ਦੇ ਵਕਤ ਪਟਵਾਰੀ ਜਾਂ ਲੋਕਾਂ ਦੇ ਕੰਮ ਸਪੈਸ਼ਲ ਗਿਰਦਾਵਰੀ ਸਬੰਧੀ ਜਦੋਂ ਕੁਦਰਤੀ ਆਫਤਾਂ ਆਉਂਦੀਆਂ ਹਨ, ਹੜ੍ਹ, ਭਾਰੀ ਮੀਂਹ ਜਾਂ ਸੋਕਾ ਆਦਿ ਤਾਂ ਇਸ ਦਾ ਅਸਰ ਫਸਲਾਂ ਤੇ ਜਾਂ ਮਾਲ ਡੰਗਰ ਤੇ ਪੈਂਦਾ ਹੈ ਤਾਂ ਖਰਾਬਾ ਹੇਠ ਲਿਖੇ ਅਨੁਸਾਰ ਸਪੈਸ਼ਲ ਗਿਰਦਾਵਰੀ ਕਰਨ ਲੱਗਿਆ ਨਿਰਧਾਰਤ ਕੀਤਾ ਜਾਂਦਾ ਹੈ ।
ਗਿਰਦਾਵਰੀ ਦੀਆਂ ਮੁੱਖ ਕਿਸਮਾਂ- ਗਿਰਦਾਵਰੀ ਦੀਆਂ ਮੁੱਖ ਕਿਸਮਾਂ ਨਿਮਨ ਲਿਖਤ ਹਨ:-
- ਸਾਉਣੀ ਦੀ ਗਿਰਦਾਵਰੀ (ਖਰੀਫ):- ਸਾਉਣੀ ਦੀ ਗਿਰਦਾਵਰੀ ਨੂੰ ਖਰੀਫ ਫਸਲ ਦੀ ਗਿਰਦਾਵਰੀ ਵੀ ਕਿਹਾ ਜਾਂਦਾ ਹੈ । ਪਟਵਾਰੀ ਹਲਕਾ ਵੱਲੋਂ ਹਰ ਸਾਲ ਅਕਤੂਬਰ ਮਹੀਨੇ ਦੀ 1 ਤਾਰੀਖ ਤੋਂ 31 ਅਕਤੂਬਰ ਤੱਕ ਸਾਉਣੀ ਦੀ ਗਿਰਦਾਵਰੀ ਕੀਤੀ ਜਾਂਦੀ ਹੈ। ਪਟਵਾਰੀ ਹਲਕਾ ਮੌਕਾ ਤੇ ਜਾ ਕੇ ਫਸਲਾਂ ਦਾ ਮੁਆਇਨਾ ਕਰਦਾ ਹੈ ਅਤੇ ਖਸਰਾ ਗਿਰਦਾਵਰੀ ਵਿੱਚ ਇੰਦਰਾਜ ਕਰਦਾ ਹੈ। ਸਾਉਣੀ ਦੀਆਂ ਮੁੱਖ ਫਸਲਾਂ ਜੀਰੀ, ਮੱਕੀ, ਬਾਜਰਾ, ਜਵਾਰ, ਕਮਾਦ, ਕਪਾਹ, ਨਰਮਾਂ ਅਤੇ ਚਰੀ ਚਾਰਾ ਆਦਿ ਹੁੰਦੀਆਂ ਹਨ।
- ਹਾੜੀ ਦੀ ਗਿਰਦਾਵਰੀ (ਰਬੀ):- ਹਾੜੀ ਦੀ ਗਿਰਦਾਵਰੀ ਨੂੰ ਰਬੀ ਫਸਲ ਦੀ ਗਿਰਦਾਵਰੀ ਵੀ ਕਿਹਾ ਜਾਂਦਾ ਹੈ । ਹਾੜੀ ਦੀ ਗਿਰਦਾਵਰੀ ਹਰ ਸਾਲ 1 ਮਾਰਚ ਤੋਂ 31 ਮਾਰਚ ਤੱਕ ਕੀਤੀ ਜਾਂਦੀ ਹੈ। ਹਾੜੀ ਦੀਆਂ ਮੁੱਖ ਫਸਲਾਂ ਕਣਕ, ਜੌ, ਛੋਲੇ, ਸਰੋਂ, ਮਟਰ, ਬਰਸੀਨ ਚਾਰਾ ਅਤੇ ਜਵੀ ਚਾਰਾ ਆਦਿ ਹੁੰਦੀਆਂ ਹਨ।
- ਜਾਇਦ ਖਰੀਫ:– ਸਾਉਣੀ ਦੀ ਫਸਲ ਤੋਂ ਬਾਅਦ ਮਿਤੀ 16 ਦਸੰਬਰ ਤੋਂ 31 ਦਸੰਬਰ ਤੱਕ ਕੀਤੀ ਜਾਣ ਵਾਲੀ ਗਿਰਦਾਵਰੀ ਨੂੰ ਜਾਇਦ ਖਰੀਫ ਕਿਹਾ ਜਾਂਦਾ ਹੈ । ਇਸ ਦੀਆਂ ਮੁੱਖ ਫਸਲਾਂ ਤੋਰੀਆ, ਆਲੂ ਆਦਿ ਹਨ।
ਰਜਿਸਟਰ ਗਿਰਦਾਵਰੀ
ਹਰ ਪਿੰਡ ਦੀ ਜਮ੍ਹਾਂਬੰਦੀ ਬਨਣ ਉਪਰੰਤ ਗਿਰਦਾਵਰੀ ਦਾ ਰਜਿਸਟਰ ਵੀ ਨਵਾਂ ਲਗਾਇਆ ਜਾਂਦਾ ਹੈ । ਇਸ ਰਜਿਸਟਰ ਵਿੱਚ 5 ਸਾਉਣੀ ਅਤੇ 5 ਹਾੜੀ ਦੀਆਂ ਫਸਲਾਂ ਦਰਜ਼ ਕੀਤੀਆਂ ਜਾਂਦੀਆਂ ਹਨ। ਇਹ ਰਜਿਸਟਰ ਸਾਉਣੀ ਦੀ ਗਿਰਦਾਵਰੀ ਤੋਂ ਸੁਰੂ ਹੋ ਕੇ ਦਸਵੀਂ ਫਸਲ ਹਾੜੀ ਦੀ ਗਿਰਦਾਵਰੀ ਉਪਰੰਤ ਖਤਮ ਹੋ ਜਾਂਦਾ ਹੈ । ਪੰਜ ਸਾਲ ਪੂਰੇ ਹੋਣ ਉਪਰੰਤ ਫਿਰ ਨਵੀਂ ਜਮ੍ਹਾਂਬੰਦੀ ਅਤੇ ਨਵਾ ਰਜਿਸਟਰ ਗਿਰਦਾਵਰੀ ਤਿਆਰ ਹੁੰਦਾ ਹੈ।
ਗਿਰਦਾਵਰੀ ਦੀ ਤਬਦੀਲੀ
ਜੇਕਰ ਕਾਸ਼ਤ ਸਬੰਧੀ ਕੋਈ ਤਬਦੀਲੀ ਨਾ ਹੋਵੇ ਤਾਂ ਵਤਰ ਵਾਲੇ ਖਾਨੇ ਵਿੱਚ ਸਾਉਣੀ ਵੇਲੇ ਖੱਬੇ ਤੋਂ ਸੱਜੇ ਅਤੇ ਹਾੜੀ ਵੇਲੇ ਸੱਜੇ ਤੋਂ ਖੱਬੇ ਵਤਰ ਲਗਾਇਆ ਜਾਂਦਾ ਹੈ। ਪ੍ਰੰਤੂ ਜੇਕਰ ਕੋਈ ਧਿਰ ਆਪਣੇ ਨਾਮ ਗਿਰਦਾਵਰੀ ਤਬਦੀਲ ਕਰਵਾਵਣਾ ਚਾਹੁੰਦੀ ਹੋਵੇ ਤਾਂ ਸਬੰਧਤ ਧਿਰਾਂ ਹਲਕਾ ਪਟਵਾਰੀ ਕੋਲ ਜਾ ਕੇ ਰਪਟ ਰੋਜ਼ਨਾਮਚਾ ਦਰਜ਼ ਕਰਵਾਕੇ ਸਹਿਮਤੀ ਵਜੋਂ ਨੰਬਰਦਾਰ ਦੀ ਹਾਜ਼ਰੀ ਵਿੱਚ ਆਪਣੇ ਦਸਤਖਤ ਜਾਂ ਅੰਗੂਠਾ ਲਗਾਉਣ ਤਾਂ ਹਲਕਾ ਪਟਦਵਾਰੀ ਗਿਰਦਾਵਰੀ ਤਬਦੀਲ ਕਰ ਸਕਦਾ ਹੈ। ਸਪਸ਼ਟ ਕਰਨ ਯੋਗ ਹੋਵੇਗਾ ਕਿ ਪਟਵਾਰੀ ਹਲਕਾ ਵੱਲੋਂ ਸਿਰਫ ਗਿਰਦਾਵਰੀ ਦੌਰਾਨ ਹੀ ਧਿਰਾਂ ਦੀ ਸਹਿਮਤੀ ਨਾਲ ਗਿਰਦਾਵਰੀ ਬਦਲੀ ਜਾ ਸਕਦੀ ਹੈ। ਪ੍ਰੰਤੂ ਜੇਕਰ ਧਿਰਾਂ ਵਿੱਚ ਸਹਿਮਤੀ ਨਾ ਹੋਵੇ ਤਾਂ ਲੋੜਵੰਦ ਵਿਅੱਕਤੀ ਸਬੰਧਤ ਮਾਲ ਅਧਿਕਾਰੀ ਦੀ ਅਦਾਲਤ ਵਿੱਚ ਗਿਰਦਾਵਰੀ ਦੀ ਦਰੁਸਤੀ ਸਬੰਧੀ ਕੇਸ ਦਾਇਰ ਕਰ ਸਕਦਾ ਹੈ।
1 thought on “Process Of (ਗਿਰਦਾਵਰੀ) Girdawari In Punjab”