ਪੰਜਾਬ ਅੰਦਰ ਜ਼ਮੀਨ ਦੀ ਪੈਮਾਇਸ਼ ਨੂੰ ਦੋ ਵੱਖਰੇ – ਵੱਖਰੇ ਨਾਂਵਾਂ ਨਾਲ ਜਾਣਿਆ ਜਾਂਦਾ ਹੈ :- ਕਨਾਲ ਮਰਲੇ 2. ਬਿੱਘੇ ਵਿਸਵੇ, ਨਾਲ ਮਰਲਿਆ ਵਿੱਚ ਪੈਮਾਇਸ਼ ਦੀ ਮੁੱਢਲੀ ਇਕਾਈ ਨੂੰ ਸਰਸਾਹੀ ਕਿਹਾ ਜਾਂਦਾ ਹੈ, ਪੱਕਾ 1 ਬਿੱਘਾ ਕੱਚੇ 3 ਬਿੱਘੇ ਦੇ ਬਰਾਬਰ ਹੁੰਦਾ ਹੈ, ਹੈਕਟੇਅਰਾਂ ਬਾਰੇ ਜਾਣਕਾਰੀ, ਸਟੈਂਡਰਡ ਰਕਬੇ ਬਾਰੇ ਜਾਣਕਾਰੀ, 16 ਆਨੇ ਦੀ ਕੀਮਤ ਦੇ ਰਕਬੇ ਨੂੰ ਸਟੈਂਡਰਡ ਰਕਬਾ ਕਿਹਾ ਜਾਂਦਾ ਹੈ, Types of Land in Punjab Land Record
1.ਕਨਾਲ ਮਰਲਿਆਂ ਅਧੀਨ ਜ਼ਮੀਨ ਦੀ ਪੈਮਾਇਸ਼ ਦੇ ਢੰਗ ਹੇਠ ਅਨੁਸਾਰ ਹਨ:-
1 ਵਰਗ ਕਰਮ= 1 ਸਰਸਾਹੀ
9 ਸਰਸਾਹੀ=1 ਮਰਲਾ
20 ਮਰਲੇ=1 ਕਨਾਲ
8 ਕਨਾਲ = 1 ਏਕੜ
- ਸਰਸਾਹੀ :- ਕਨਾਲ ਮਰਲਿਆ ਵਿੱਚ ਪੈਮਾਇਸ਼ ਦੀ ਮੁੱਢਲੀ ਇਕਾਈ ਨੂੰ ਸਰਸਾਹੀ ਕਿਹਾ ਜਾਂਦਾ ਹੈ। ਇੱਕ ਵਰਗ ਕਰਮ ਦਾ ਦੂਜਾ ਨਾਂ ਹੀ ਸਰਸਾਹੀ ਹੈ।
- ਮਰਲਾ:- 9 ਸਰਸਾਹੀ ਜਾਂ 9 ਵਰਗ ਕਰਮ ਰਕਬੇ ਨੂੰ 1 ਮਰਲਾ ਕਿਹਾ ਜਾਂਦਾ ਹੈ।
- ਕਨਾਲ:- 20 ਮਰਲਿਆਂ ਨੂੰ 1 ਕਨਾਲ ਕਿਹਾ ਜਾਂਦਾ ਹੈ।
- ਏਕੜ :- 8 ਕਨਾਲ ਰਕਬੇ ਨੂੰ 1 ਏਕੜ ਕਿਹਾ ਜਾਂਦਾ ਹੈ।
- ਮੁਰੱਬਾ :- 25 ਖੇਤਾਂ ਜਾਂ 25 ਏਕੜਾਂ ਦੇ ਇੱਕ ਚੱਕ (ਟੁੱਕੜਾ) ਨੂੰ ਮੁਰੱਬਾ ਕਿਹਾ ਜਾਂਦਾ ਹੈ। ਮੁਰੱਬੇ ਦਾ ਆਕਾਰ 200 ਕਰਮ ਲੰਬਾ × 180 ਕਰਮ ਚੌੜਾ ਹੁੰਦਾ ਹੈ। ਇਸ ਨੂੰ ਇੱਕ ਵੱਖਰਾ ਮੁਰੱਬਾ ਨੰਬਰ ਦਿੱਤਾ ਜਾਂਦਾ ਹੈ। ਉਸ ਮੁਰੱਬੇ ਅਧੀਨ ਆਉਦੇਂ ਖੇਤਾਂ ਨੂੰ ਜਿਹੜਾ ਨੰਬਰ ਦਿੱਤਾ ਜਾਂਦਾ ਹੈ, ਉਸ ਨੂੰ ਖਸਰਾ ਨੰਬਰ ਕਿਹਾ ਜਾਂਦਾ ਹੈ। ਮੁਰੱਬੇ ਦਾ ਨੰਬਰ ਪਿੰਡ ਦੇ ਮੁਰੱਬਿਆਂ ਦੀ ਗਿਣਤੀ ਮੁਤਾਬਕ ਕੋਈ ਵੀ ਹੋ ਸਕਦਾ ਹੈ।। ਇਸਨੂੰ ਮੁਸਤੀਲ ਵੀ ਕਿਹਾ ਜਾਂਦਾ ਹੈ।
2. ਬਿੱਘੇ ਵਿਸਵਿਆਂ ਅਧੀਨ ਜ਼ਮੀਨ ਦੀ ਪੈਮਾਇਸ਼ ਦੇ ਢੰਗ ਹੇਠ ਅਨੁਸਾਰ ਹਨ:-
1 ਵਰਗ ਕਰਮ = 1 ਵਿਸਵਾਸੀ
20 ਵਿਸਵਾਸੀਆਂ =1 ਵਿਸਵਾ
20 ਵਿਸਵੇ = 1 ਬਿੱਘਾ
4 ਬਿੱਘੇ 16 ਵਿਸਵੇ =1 ਏਕੜ ਜਾਂ 8 ਕਨਾਲ
6 ਬਿੱਘੇ 5 ਵਿਸਵੇ =1 ਵੱਡਾ ਕਿੱਲਾ
- ਵਿਸਵਾਸੀ :- ਬਿੱਘੇ ਵਿਸਵਿਆਂ ਵਿੱਚ ਪੈਮਾਇਸ਼ ਦੀ ਮੁੱਢਲੀ ਇਕਾਈ ਨੂੰ ਵਿਸਵਾਸੀ ਕਿਹਾ ਜਾਂਦਾ ਹੈ। ਇੱਕ ਵਰਗ ਕਰਮ ਦਾ ਦੂਜਾ ਨਾਂ ਹੀ ਵਿਸਵਾਸੀ ਹੈ।
- ਵਿਸਵਾ :- 20 ਵਰਗ ਕਰਮ ਜਾਂ 20 ਵਿਸਵਾਸੀਆਂ ਨੂੰ 1 ਵਿਸਵਾ ਕਿਹਾ ਜਾਂਦਾ ਹੈ।
- ਬਿੱਘਾ :- 20 ਵਿਸਵਿਆਂ ਨੂੰ 1 ਬਿੱਘਾ ਕਿਹਾ ਜਾਂਦਾ ਹੈ।
- ਵੱਡਾ ਕਿੱਲਾ :- 6 ਬਿੱਘੇ 5 ਵਿਸਵਿਆਂ ਦੇ ਖੇਤ ਜਾਂ ਰਕਬੇ ਨੂੰ 1 ਵੱਡਾ ਕਿੱਲਾ ਕਿਹਾ ਜਾਂਦਾ ਹੈ।
ਪੱਕਾ ਬਿੱਘਾ ਕੀ ਹੁੰਦਾ ਹੈ?
ਜਿਸ ਇਲਾਕੇ ਵਿੱਚ ਜ਼ਮੀਨ ਦੀ ਪੈਮਾਇਸ਼ ਉੱਥੇ ਦੇ ਸਥਾਨਕ ਪੈਮਾਨੇ 99″ ਪ੍ਰਤੀ ਕਰਮ ਨਾਲ ਤਿਆਰ ਕੀਤੀ ਜਰੀਬ ਨਾਲ ਹੋਈ ਹੋਵੇ, ਉੱਥੇ ਬਨਾਏ ਗਏ ਖੇਤ 40×20 ਕਰਮ ਦੇ ਹੁੰਦੇ ਹਨ। ਇਸ ਜਰੀਬ ਦੀ ਲੰਬਾਈ 5 ਕਰਮ ਭਾਵ 41.25 ਫੁੱਟ ਹੁੰਦੀ ਹੈ। ਇਸ ਪੈਮਾਇਸ਼ ਵਿੱਚ ਬਣਾਏ ਗਏ ਖੇਤ ਦਾ ਰਕਬਾ 2 ਬਿੱਘੇ ਹੁੰਦਾ ਹੈ। ਜਿਸਨੂੰ ਸਥਾਨਕ ਲੋਕ ਪੱਕੇ 2 ਬਿੱਘ ਆਖਦੇ ਹਨ। ਪੱਕਾ 1 ਬਿੱਘਾ ਕੱਚੇ 3 ਬਿੱਘੇ ਦੇ ਬਰਾਬਰ ਹੁੰਦਾ ਹੈ। ਪੱਕੇ ਬਿੱਘਿਆਂ ਵਿੱਚ 99 ” ਪ੍ਰਤੀ ਕਰਮ ਅਤੇ ਕੱਚੇ ਬਿੱਘਿਆਂ ਵਿੱਚ 57.157″ ਪ੍ਰਤੀ ਕਰਮ ਵਾਲੀ ਜਰੀਬ ਵਰਤੀ ਜਾਂਦੀ ਹੈ।
ਹੈਕਟੇਅਰਾਂ ਬਾਰੇ ਜਾਣਕਾਰੀ
- ਸੈਟੇਅਰ :-ਹੈਕਟੇਅਰ ਦੀ ਮੁੱਢਲੀ ਇਕਾਈ ਨੂੰ ਸੈਟੇਅਰ ਕਿਹਾ ਜਾਂਦਾ ਹੈ। 1 ਵਰਗ ਮੀਟਰ ਦਾ ਦੂਜਾ ਨਾਮ ਹੀ ਸੈਟੇਅਰ ਹੈ।
- ਆਰੇ :-100 ਵਰਗ ਮੀਟਰ ਜਾਂ 100 ਸੈਟੇਅਰਾਂ ਨੂੰ 1 ਆਰੇ ਕਿਹਾ ਜਾਂਦਾ ਹੈ।
- ਹੈਕਟੇਅਰ :- 10000 ਵਰਗ ਮੀਟਰ ਜਾਂ 100 ਆਰੇ ਨੂੰ 1 ਹੈਕਟੇਅਰ ਕਿਹਾ ਜਾਂਦਾ ਹੈ।
ਵੱਖ-ਵੱਖ ਇਲਾਕਿਆਂ ਵਿੱਚ ਪੈਮਾਇਸ਼ ਲਈ ਵਰਤੇ ਜਾਂਦੇ ਪੈਮਾਨੇ (ਜ਼ਰੀਬਾਂ) ਸੰਬੰਧੀ ਜਾਣਕਾਰੀ:-
ਪੁਰਾਣੇ ਸਮੇਂ ਤੋਂ ਹੀ ਜ਼ਮੀਨ ਦੀ ਮਿਣਤੀ ਜ਼ਰੀਬ ਨਾਲ ਕੀਤੀ ਜਾਂਦੀ ਰਹੀ ਹੈ। ਆਮ ਤੌਰ ਤੇ ਜਰੀਬ 10 ਕਰਮ ਲੰਬੀ ਹੁੰਦੀ ਹੈ। ਜਰੀਬ ਲੋਹੇ ਦੇ ਕੁੰਡਿਆਂ ਨੂੰ ਜੋੜਕੇ ਬਣਾਈ ਜਾਂਦੀ ਹੈ। ਦੋਨੋਂ ਸਿਰਿਆਂ ਉੱਤੇ ਪਕੜਨ ਲਈ ਕੁੰਡੇ ਬਣੇ ਹੁੰਦੇ ਹਨ। ਹਰ ਇੱਕ ਕਰਮ ਉੱਤੇ ਕਰਮ ਨੰਬਰ ਨੂੰ ਦਰਸਾਉਣ ਲਈ ਵੱਖਰੇ ਆਕਾਰ ਦਾ ਪੱਤਰਾ ਲੱਗਿਆ ਹੁੰਦਾ ਹੈ। ਕਰਮ ਦੀ ਲੰਬਾਈ ਵੱਖ-ਵੱਖ ਇਲਾਕਿਆਂ ਵਿੱਚ ਵੱਧ ਘੱਟ ਹੋਣ ਕਰਕੇ ਜ਼ਰੀਬ ਦੀ ਲੰਬਾਈ ਵੀ ਵੱਧ ਘੱਟ ਹੁੰਦੀ ਹੈ। ਵੱਖ-ਵੱਖ ਲੰਬਾਈ ਦੀਆਂ ਜ਼ਰੀਬਾਂ ਨਾਲ ਮਿਣਤੀ ਕਰਕੇ ਬਣੇ ਖੇਤ ਵੀ ਵੱਖ-ਵੱਖ ਇਲਾਕਿਆਂ ਵਿੱਚ ਵੱਡੇ ਛੋਟੇ ਹੁੰਦੇ ਹਨ। ਜਿਸ ਕਾਰਣ ਹਰ ਵਿਅਕਤੀ ਨੂੰ ਕਿਸੀ ਦੁਸਰੇ ਇਲਾਕੇ ਵਿੱਚ ਜਾਕੇ ਮਿਣਤੀ ਸੰਬੰਧੀ ਉੱਲਝਣ ਪੈਦਾ ਹੁੰਦੀ ਹੈ।
ਜ਼ਰੀਬ ਦੀਆਂ ਨਿਮਨ ਲਿਖਤ ਕਿਸਮਾਂ ਹੁੰਦੀਆ ਹਨ:-
ਲੜੀ ਨੰ: | ਕਰਮ | ਇੰਚ | ਮੀਟਰ |
1 | 1 ਕਰਮ | 66″ | 1.6764 ਮੀਟਰ |
2 | 1 ਕਰਮ | 57.157″ | 1.4517 ਮੀਟਰ |
3 | 1 ਕਰਮ | 60″ | 1.524 ਮੀਟਰ |
4 | 1 ਕਰਮ | 57.5″ | 1.4605 ਮੀਟਰ |
5 | 1 ਕਰਮ | 99″ | 2.5146 ਮੀਟਰ |
6 | 1 ਕਰਮ | 54″ | 1.3716 ਮੀਟਰ |
ਸਟੈਂਡਰਡ ਰਕਬੇ ਬਾਰੇ ਜਾਣਕਾਰੀ:-
ਜਿਸ ਸਮੇਂ ਕਿਸੇ ਪਿੰਡ ਦੀ ਮੁੱਰਬਾਬੰਦੀ / ਚੱਕਬੰਦੀ ਕੀਤੀ ਜਾਂਦੀ ਹੈ ਤਾਂ ਪਿੰਡ ਦੇ ਸਾਰੇ ਖੇਤਾਂ ਦੀ ਕੁਆਲਟੀ ਦੇ ਹਿਸਾਬ ਨਾਲ ਕੀਮਤ ਤਹਿ ਕੀਤੀ ਜਾਂਦੀ ਹੈ। 16 ਆਨੇ ਦੀ ਕੀਮਤ ਵਾਲੀ ਜ਼ਮੀਨ ਨੂੰ ਸਭ ਤੋਂ ਵਧੀਆ ਜ਼ਮੀਨ ਮੰਨਿਆ ਜਾਂਦਾ ਹੈ ਅਤੇ 16 ਆਨੇ ਦੀ ਕੀਮਤ ਦੇ ਰਕਬੇ ਨੂੰ ਸਟੈਂਡਰਡ ਰਕਬਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜ਼ਮੀਨ ਦੀ ਕਿਸਮ ਦੇ ਨਾਲ ਹਰ ਨੰਬਰ ਖਸਰਾ ਦੀ ਕੀਮਤ ਹੇਠ ਲਿਖੇ ਅਨੁਸਾਰ ਤਹਿ ਕੀਤੀ ਜਾਂਦੀ ਹੈ:-
ਖਸਰਾ ਨੰਬਰ | ਕੀਮਤ |
1 | 2 ਆਨੇ |
2 | 4 ਆਨੇ |
3 | 6 ਆਨੇ |
4 | 8 ਆਨੇ |
5 | 12 ਆਨੇ |
6 | 16 ਆਨੇ |
ਜ਼ਮੀਨ ਦੀ ਪੈਮਾਇਸ਼ ਵਿੱਚ ਵਰਤੇ ਜਾਂਦੇ ਸੰਦ:-
ਜ਼ਮੀਨ ਦੀ ਪੈਮਾਇਸ਼ ਵਿੱਚ, ਜੋ ਪ੍ਰਮੁੱਖ ਸੰਦ ਵਰਤੇ ਜਾਂਦੇ ਹਨ, ਉਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
- ਜ਼ਰੀਬ :- ਪੁਰਾਣੇ ਸਮੇਂ ਤੋਂ ਹੀ ਜ਼ਮੀਨ ਦੀ ਮਿਣਤੀ ਜ਼ਰੀਬ ਨਾਲ ਕੀਤੀ ਜਾਂਦੀ ਰਹੀ ਹੈ। ਆਮ ਤੌਰ ਤੇ ਜ਼ਰੀਬ 10 ਕਰਮ ਲੰਬੀ ਹੁੰਦੀ ਹੈ। ਜ਼ਰੀਬ ਲੋਹੇ ਦੇ ਕੁੰਡਿਆਂ ਨੂੰ ਜੋੜਕ ਬਣਾਈ ਜਾਂਦੀ ਹੈ। ਦੋਨੋਂ ਸਿਰਿਆਂ ਉੱਤੇ ਪਕੜਨ ਲਈ ਕੁੰਡੇ ਬਣੇ ਹੁੰਦੇ ਹਨ। ਹਰ ਇੱਕ ਕਰਮ ਉੱਤੇ ਕਰਮ ਨੰਬਰ ਨੂੰ ਦਰਸਾਉਣ ਲਈ ਵੱਖਰੇ ਆਕਾਰ ਦਾ ਪੱਤਰਾ ਲੱਗਿਆ ਹੁੰਦਾ ਹੈ। ਕਰਮ ਦੀ ਲੰਬਾਈ ਵੱਖ-ਵੱਖ ਇਲਾਕਿਆਂ ਵਿੱਚ ਵੱਧ ਘੱਟ ਹੋਣ ਕਰਕੇ ਜ਼ਰੀਬ ਦੀ ਲੰਬਾਈ ਵੀ ਵੱਧ ਘੱਟ ਹੁੰਦੀ ਹੈ।
- ਗਜ਼ :- ਇਲਾਕੇ ਵਿੱਚ ਵਰਤੀ ਜਾਣ ਵਾਲੀ ਜ਼ਰੀਬ ਦੀ ਇੱਕ ਕਰਮ ਦੀ ਲੰਬਾਈ ਦਾ ਲੋਹੇ ਦਾ ਸਰੀਆ ਹੁੰਦਾ ਹੈ। ਇਹ ਜ਼ਰੀਬ ਦੀ ਸੋਧ ਕਰਨ ਲਈ ਵਰਤਿਆ ਜਾਂਦਾ ਹੈ। ਇਸਨੂੰ ਗਜ਼ ਕਹਿੰਦੇ ਹਨ। ਸਥਾਨਕ ਪੈਮਾਨਿਆਂ ਅਨੁਸਾਰ ਇਸਦੀ ਲੰਬਾਈ ਘੱਟ-ਵੱਧ ਹੁੰਦੀ ਹੈ।
- ਕਰਾਸ :- ਕਰਾਸ ਲਾਈਨਾਂ ਉੱਪਰ 90 ਡਿਗਰੀ ਦੇ ਕੌਣ (ਲੰਬ) ਬਨਾਉਣ ਲਈ ਵਰਤਿਆ ਜਾਂਦਾ ਹੈ। ਇਹ ਲਗਭਗ 5 ਫੁੱਟ ਉੱਚਾਈ ਦਾ ਲਕੜੀ ਦਾ ਬਣਿਆ ਹੁੰਦਾ ਹੈ, ਜਿਸਦੇ ਨਿੱਚਲੇ ਪਾਸੇ ਜ਼ਮੀਨ ਵਿੱਚ ਗੱਡਣ ਲਈ ਲੋਹੇ ਦਾ ਸੁੰਮ ਲੱਗਿਆ ਹੁੰਦਾ ਹੈ ਅਤੇ ਸਭ ਤੋਂ ਉੱਪਰ ਇੱਕ 8 ਵਰਗ ਇੰਚ ਦੀ ਲੱਕੜੀ ਦੀ ਫੱਟੀ ਲਗੀ ਹੁੰਦੀ ਹੈ। ਇਸ ਦੇ ਮੱਧ ਵਿੱਚ ਦੋ ਝਿਰੀਆਂ ਵੱਜੀਆਂ ਹੁੰਦੀਆਂ ਹਨ, ਜੋ ਕਿ ਮੱਧ ਵਿੱਚ ਇੱਕ ਦੂਜੇ ਨੂੰ 90 ਡਿਗਰੀ ਦੇ ਕੋਣ ਉੱਤੇ ਟੱਕਰਦੀਆਂ ਹਨ। ਇਸਦੀ ਸਹਾਇਤਾ ਦੇ ਨਾਲ ਝੰਡੀਆਂ ਲਗਾਈਆ ਜਾਂਦੀਆ ਹਨ।
- ਸੂਆ :- ਇਹ ਇੱਕ ਫੁੱਟ ਲੰਬੀ ਲੋਹੇ ਦੀ ਸਲਾਖ ਹੁੰਦੀ ਹੈ। ਜਿਸਦਾ ਹੇਠਲਾ ਹਿੱਸਾ ਪਤਲਾ ਹੁੰਦਾ ਹੈ ਅਤੇ ਉੱਪਰਲਾ ਹਿੱਸਾ 2 ਇੰਚ ਦੀ ਬਰਾਬਰ ਗੋਲਾਈ ਦਾ ਬਣਿਆ ਹੁੰਦਾ ਹੈ ਤਾਂ ਜੋ ਇਸ ਦੀ ਵਰਤੋਂ ਆਸਾਨੀ ਨਾਲ ਕੀਤੀ ਜਾ ਸਕੇ। ਜ਼ਮੀਨ ਦੀ ਮਿਣਤੀ ਕਰਦੇ ਸਮੇਂ ਜ਼ਰੀਬ ਖਿਚਣ ਵਾਲਾ 10 ਸੂਏ ਆਪਣੇ ਹੱਥ ਵਿੱਚ ਲੈਕੇ ਚਲਦਾ ਹੈ ਅਤੇ ਜਿਥੇ ਜ਼ਰੀਬ ਪੂਰੀ ਹੁੰਦੀ ਹੈ, ਇੱਕ-ਇੱਕ ਸੂਆ ਜ਼ਰੀਬ ਦੇ ਕੁੰਡੇ ਨਾਲ ਖਹਿੰਦਾ ਹੋਇਆ ਜ਼ਮੀਨ ਵਿੱਚ ਗੱਡ ਦਿੰਦਾ ਹੈ। ਪਿਛਲਾ ਵਿਅਕਤੀ ਜ਼ਰੀਬ ਦਾ ਕੁੰਡਾ ਸੂਏ ਵਿੱਚ ਪਾਕੇ ਬੈਠਦਾ ਹੈ। ਇਸ ਤਰ੍ਹਾਂ ਮਿਣਤੀ ਕੀਤੀ ਜਾਂਦੀ ਹੈ।
- ਚੁੰਬਕੀ ਸੂਈ (Magnetic compass) :- ਇਸ ਦੀ ਸਹਾਇਤਾ ਦੇ ਨਾਲ ਦਿਸ਼ਾਵਾਂ ਦਾ ਪਤਾ ਲਗਾਇਆ ਜਾਂਦਾ ਹੈ। ਇਸਨੂੰ ਕਰਾਸ ਦੇ ਉੱਪਰ ਰੱਖਕੇ ਕਰਾਸ ਨੂੰ ਸੂਈ ਦੇ ਮੁਤਾਬਕ ਉੱਤਰ ਤੋਂ ਦੱਖਣ ਜਾਂ ਪੂਰਬ ਤੋਂ ਪੱਛਮ ਦੀ ਦਿਸ਼ਾ ਵਿੱਚ ਸਹੀ ਕਰਕੇ ਝੰਡੀਆਂ ਲਗਾਈਆਂ ਜਾਂਦੀਆਂ ਹਨ ਤਾਂ ਕਿ ਪੈਮਾਇਸ਼ ਸਿੱਧੀ ਦਿਸ਼ਾ ਵਿੱਚ ਹੋ ਸਕੇ।
- ਝੰਡੀਆਂ :- ਝੰਡੀਆਂ ਜ਼ਮੀਨ ਦੀ ਪੈਮਾਇਸ਼ ਦੌਰਾਨ ਲਾਈਨਾਂ ਨੂੰ ਸਿੱਧੀਆਂ ਕਰਨ ਲਈ ਵਰਤੀਆਂ ਜਾਂਦੀਆਂ ਹਨ। ਇਹ ਬਾਂਸ ਦੀਆਂ ਬਣੀਆਂ ਹੁੰਦੀਆਂ ਹਨ। ਇਨ੍ਹਾਂ ਦੇ ਨਿਚਲੇ ਪਾਸੇ ਜ਼ਮੀਨ ਦੇ ਵਿੱਚ ਗੱਡਣ ਲਈ ਲੋਹੇ ਦੀ ਸੰਮ ਲਗੀ ਹੁੰਦੀ ਹੈ ਅਤੇ ਉੱਪਰਲੇ ਸਿਰੇ ਤੇ ਚਿੱਟੇ ਜਾਂ ਲਾਲ ਰੰਗ ਦਾ ਕੱਪੜਾ ਲਗਾਇਆ ਹੁੰਦਾ ਹੈ। ਇਸ ਦੀ ਲੰਬਾਈ ਲੋੜ ਅਨੁਸਾਰ ਘੱਟ-ਵੱਧ ਹੋ ਸਕਦੀ ਹੈ।
- ਪੈਮਾਨਾ ਪਿੱਤਲ :- ਪੈਮਾਨਾ ਪਿੱਤਲ ਦਾ ਵਜ਼ਨ 125 ਗਰਾਮ ਦਾ ਹੁੰਦਾ ਹੈ। ਪੈਮਾਨੇ ਦੇ ਪਿੱਛੇ ਚਿੱਟਾ ਕਾਗਜ਼ ਲਗਿਆ ਹੁੰਦਾ ਹੈ। ਪਿੱਤਲ ਦਾ ਪੈਮਾਨਾ ਮਿਣਤੀ ਉਪਰੰਤ ਮੁਸਾਵੀ ਤਿਆਰ ਕਰਨ ਲਈ ਜਾਂ ਪਟਵਾਰੀ ਵਲੋਂ ਤਤੀਮੇ ਕੱਟਣ ਲਈ ਜਾਂ ਕਾਨੂੰਗੋ ਵਲੋਂ ਮਿਣਤੀ ਮੌਕੇ ਵਰਤਿਆ ਜਾਂਦਾ ਹੈ। ਪੰਜਾਬ ਸਰਕਾਰ ਦੇ ਮਹਿਕਮਾ ਡਾਇਰੈਕਟਰ ਤੋਂ ਰਿਕਾਰਡ, ਪੰਜਾਬ ਵਲੋਂ ਨਿਯਤ ਅਦਾਰੇ ਹੀ ਇਹ ਪੈਮਾਨਾ ਬਣਾ ਸਕਦੇ ਹਨ। ਇਸਦੀ ਲੰਬਾਈ 10 ਇੰਚ ਜਾਂ 12 ਇੰਚ ਦੀ ਹੁੰਦੀ ਹੈ। ਇੱਕ ਇੰਚ ਵਿੱਚ 40 ਕਰਮਾਂ ਦਰਸਾਈਆਂ ਹੁੰਦੀਆਂ ਹਨ। ਇਸ ਦਾ ਆਕਾਰ ਸਕੇਲ ਦੀ ਤਰ੍ਹਾਂ ਹੁੰਦਾ ਹੈ।
- ਤਿਰਪਾਈ :- ਪਹਾੜੀ ਪੈਮਾਇਸ਼ ਲਈ ਵਰਤਿਆ ਜਾਣ ਵਾਲਾ ਇੱਕ ਸੰਦ ਹੈ। ਇਸ ਦੀਆਂ ਤਿੰਨ ਲੱਤਾਂ ਹੁੰਦੀਆਂ ਹਨ, ਜਿਸਦੇ ਉੱਪਰ ਸਿਸਤ ਰੱਖੀ ਜਾਂਦੀ ਹੈ।
- ਸਿਸਤ :- ਇਹ ਵੀ ਪਹਾੜੀ ਪੈਮਾਇਸ਼ ਲਈ ਵਰਤਿਆ ਜਾਣ ਵਾਲਾ ਇੱਕ ਸੰਦ ਹੈ। ਤਰਪਾਈ ਉੱਪਰ ਰੱਖਕੇ ਝਿਰੀ ਵਿੱਚ ਦੀ ਇੱਕ ਧਾਗਾ ਇੱਕ ਸਿਰੇ ਤੋਂ ਦੂਜੇ ਸਿਰੇ ਬੰਨਿਆ ਹੁੰਦਾ ਹੈ। ਸਿਸਤ ਦੀ ਮਦਦ ਦੇ ਨਾਲ ਝਿਰੀ ਵਿੱਚੋਂ ਧਾਗੇ ਦੀ ਸੇਧ ਵਿੱਚ ਦੇਖਕੇ ਪਹਾੜੀ ਇਲਾਕੇ ਵਿੱਚ ਝੰਡੀਆਂ ਲਗਾਈਆਂ ਜਾਂਦੀਆਂ ਹਨ ਅਤੇ ਜ਼ਮੀਨ ਦੀ ਪੈਮਾਇਸ਼ ਕੀਤੀ ਜਾਂਦੀ ਹੈ।
ਜਮੀਨ ਦੀ ਕਿਸਮਾਂ (Types of Land in Punjab Land Record)
ਲੜੀ ਨੰਬਰ | ਜਮੀਨ ਦੀ ਕਿਸਮ | ਸੰਖੇਪ ਵਰਨਣ |
1 | ਚਾਹੀ | ਜਿਹੜੀ ਜ਼ਮੀਨ ਨੂੰ ਖੂਹ ਜਾਂ ਟਿਊਬਵੈਲ ਦਾ ਪਾਣੀ ਲਗਦਾ ਹੋਵੇ। |
2 | ਨਹਿਰੀ | ਜਿਹੜੀ ਜ਼ਮੀਨ ਨੂੰ ਸਿਰਫ ਨਹਿਰ ਦਾ ਪਾਣੀ ਲਗਦਾ ਹੋਵੇ। |
3 | ਚਾਹੀ ਨਹਿਰੀ
|
ਜਿਹੜੀ ਜ਼ਮੀਨ ਨੂੰ ਜਿਆਦਾ ਪਾਣੀ ਖੂਹ ਜਾਂ ਟਿਊਬਵੈਲ ਦਾ ਲਗਦਾ ਹੋਵੇ ਅਤੇ ਕੁਝ ਪਾਣੀ ਨਹਿਰ ਦਾ ਵੀ ਲਗਦਾ ਹੋਵੇ। |
4 | ਨਹਿਰੀ ਚਾਹੀ
|
ਜਿਹੜੀ ਜ਼ਮੀਨ ਨੂੰ ਜਿਆਦਾ ਪਾਣੀ ਨਹਿਰ ਦਾ ਲਗਦਾ ਹੋਵੇ ਅਤੇ ਕੁਝ ਪਾਣੀ ਖੂਹ ਜਾਂ ਟਿਊਬਵੈਲ ਦਾ ਵੀ ਲਗਦਾ ਹੋਵੇ। |
5 | ਬਰਾਨੀ | ਜਿਹੜੀ ਜ਼ਮੀਨ ਨੂੰ ਸਿਰਫ ਬਰਸਾਤ ਦਾ ਪਾਣੀ ਹੀ ਲਗਦਾ ਹੋਵੇ। |
6 | ਗੈਰ ਮੁਮਕਿਨ
|
ਜਿਹੜਾ ਰਕਬਾ ਵਾਹੀਯੋਗ ਨਾ ਹੋਵੇ ਜਿਵੇਂ ਕਿ ਆਬਾਦੀ, ਰੂੜੀ, ਰਸਤੇ, ਸਕੂਲ, ਪਲਾਟ ਆਦਿ। |
7 | ਬੰਜਰ ਜਦੀਦ
|
ਜਿਹੜੀ ਜ਼ਮੀਨ ਲਗਾਤਾਰ 3 ਫਸਲਾਂ ਤੋਂ ਖਾਲੀ ਰਹੇ ਤਾਂ ਚੌਥੀ ਫਸਲ ਤੇ ਗਿਰਦਾਵਰੀ ਸਮੇਂ ਉਸ ਜ਼ਮੀਨ ਨੂੰ ਬੰਜਰ ਜਦੀਦ ਲਿਖਿਆ ਜਾਂਦਾ ਹੈ। |
8 | ਬੰਜਰ ਕਦੀਮ
|
ਜਿਹੜੀ ਜ਼ਮੀਨ ਲਗਾਤਾਰ 4 ਫਸਲਾਂ ਤੋਂ ਬੰਜਰ ਜਦੀਦ ਰਹੇ ਤਾਂ ਪੰਜਵੀਂ ਫਸਲ ਤੇ ਗਿਰਦਾਵਰੀ ਸਮੇਂ ਉਸ ਜ਼ਮੀਨ ਨੂੰ ਬੰਜਰ ਕਦੀਮ ਲਿਖਿਆ ਜਾਂਦਾ ਹੈ। |
9 | ਸੈਲਾਬ | ਜਿਹੜੀ ਜਮੀਨ ਦਰਿਆਵਾਂ ਦੇ ਨੇੜੇ ਹੋਣ ਕਰਕੇ ਸਿਲੀ ਰਹਿੰਦੀ ਹੋਵੇ। |
10 | ਆਬੀ
|
ਜਿਹੜੀ ਜਮੀਨ ਨੂੰ ਝੀਲਾਂ ਜਾਂ ਟੈਕਾਂ ਤੋਂ ਲਿਫਟ /ਟਿੰਡਾਂ ਰਾਹੀ ਚੁੱਕ ਕੇ ਪਾਣੀ ਲਗਾਇਆ ਜਾਵੇ। |
ਪੈਮਾਇਸ ਸਬੰਧੀ ਮੌਕਿਆਂ ਤੇ ਕਿਹੜੇ-ਕਿਹੜੇ ਨਿਸ਼ਾਨ ਹੁੰਦੇ ਹਨ?
ਪੰਜਾਬ ਸਰਕਾਰ ਦੇ ਮਾਲ ਵਿਭਾਗ ਅਤੇ ਭਾਰਤ ਸਰਕਾਰ ਦੇ ਸਰਵੇ ਵਿਭਾਗ ਵਲੋਂ ਪੈਮਾਇਸ ਸਬੰਧੀ ਮੌਕਿਆਂ ਤੇ ਨਿਸ਼ਾਨ ਲਗਾਏ ਹੋਏ ਮਿਲਦੇ ਹਨ।
ਭਾਰਤ ਸਰਕਾਰ ਦੇ ਸਰਵੇ ਵਿਭਾਗ ਵਲੋਂ ਜਿਹੜੇ ਨਿਸ਼ਾਨ ਲਗਾਏ ਹੋਏ ਹਨ ਉਹਨਾ ਦਾ ਵੇਰਵਾ ਇਸ ਪ੍ਰਕਾਰ ਹੈ:
- ਸਰਵਈ ਬੁਰਜੀਆਂ (ਗਰੇਟਰ ਟ੍ਰਿਗਨੋਮੈਟਰੀਕਲ ਸਟੇਸ਼ਨ)
- ਦਰਿਆਈ ਰਕਬੇ ਦੇ ਪੈਮਾਇਸ਼ ਕਰਦੇ ਵੇਲੇ ਉਸ ਰਕਬੇ ਵਿੱਚ ਬੁਨਿਆਦੀ ਲਾਈਨ ਦੇ ਦੋਹਾਂ ਸਿਰਿਆਂ ਤੇ ਲੱਗੀਆਂ ਬੁਰਜੀਆਂ।
- ਟਰੈਵਰਸ ਸਟੇਸ਼ਨ (ਕੰਪਾਸ ਬੁਰਜੀਆਂ) ਉਨ੍ਹਾਂ ਪਿੰਡਾਂ ਵਿੱਚ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦੇ ਸਰਵੇ ਮੁਰੱਬਾਬੰਦੀ ਮੁਤਾਬਿਕ ਨਾ ਹੋਇਆ ਹੋਵੇ।
- ਦੂਜੇ ਕੰਪਾਸ ਨਿਸ਼ਾਨ ਜਿਵੇਂ ਨੁਕਰਾਂ ਵਾਲੇ ਪੱਥਰ ਜੋ ਦੁਆਬਾ ਏਰੀਆ ਅਤੇ ਨੌ ਅਬਾਦੀਆਂ ਦੀ ਮੁਸਤੀਲ ਵਿੱਚ ਮਹਿਕਮਾ ਸਰਵੇ ਨੇ ਬਲਾਕ ਨਿਸ਼ਾਨਦੇਹੀ ਲਈ ਲਾਏ ਹਨ।
ਸਰਵੇ ਵਿਭਾਗ ਦੁਆਰਾ ਸਪਲਾਈ ਕੀਤਾ ਕੰਪਾਸ ਡੈਟਾ ਪਟਵਾਰੀ ਦੇ ਆਪਣੇ ਸਰਵੇ ਕੰਮ ਕਰਨ ਲਈ ਬਤੌਰ ਅਗਵਾਈ ਦੇ ਨਹੀਂ ਵਰਤੇ ਜਾਣਗੇ, ਸਿਵਾਏ ਇਸ ਦੇ:-
- ਜਿੱਥੇ ਭੌਂ ਜਿਆਦਾ ਪਹਾੜੀ ਹੋਵੇ ਜਾਂ ਛੋਟੇ ਟੋਟਿਆਂ ਵਿੱਚ ਵੰਡੀ ਹੋਵੇ ਅਤੇ ਸਹੀ ਮੁਰੱਬੇ ਕਾਇਮ ਨਾ ਹੋ ਸਕਦੇ ਹੋਣ।
- ਜਦੋਂ ਵਿਸ਼ੇਸ਼ ਕਾਰਣਾਂ ਕਰਕੇ ਅਰਥਾਤ ਦਰਿਆਈ ਇਲਾਕਿਆਂ ਵਿੱਚ ਵਿਗਿਆਨਕ ਟਰੈਵਰਸ, ਇਸ ਮੰਤਵ ਲਈ ਕੀਤੀ ਗਈ ਹੋਵੇ ਕਿ ਪਟਵਾਰੀ ਦੇ ਸਰਵੇ ਕੰਮ ਲਈ ਬੁਨਿਆਦੀ ਗਿਣੀ ਜਾਵੇ।
ਪੰਜਾਬ ਸਰਕਾਰ ਦੇ ਮਾਲ ਵਿਭਾਗ ਦੇ ਨਿਸ਼ਾਨ:
- ਸੇਹਦਾ (Sehda): ਇਹ ਜਿੱਥੇ ਦੋ ਤੋਂ ਜਿਆਦਾ ਪਿੰਡਾ ਦੀਆਂ ਹੱਦਾਂ ਮਿਲਦੀਆਂ ਹੋਣ ਉੱਥੇ ਇਹ ਸੇਹੱਦਾ ਹੁੰਦਾ ਹੈ।
- ਬੁਰਜੀ: ਦੋ ਸੋਹਦਿਆਂ ਦੇ ਵਿੱਚਕਾਰ ਪਿੰਡਾਂ ਦੀ ਹੱਦ ਦੇ ਹਰ ਮੋੜ ਤੇ ਪੱਥਰ ਦੀਆਂ ਬੁਰਜੀਆਂ ਨੂੰ ਆਖਦੇ ਹਨ।
- ਪੱਥਰ ਦੀਆਂ ਬੁਰਜੀਆਂ: ਇਹ ਹਰ ਮੁਰੱਬੇ ਵਰਗ ਜਾਂ ਆਇਤਾਕਾਰ ਦੇ ਚਾਰੇ ਕੋਨਿਆਂ ਤੋਂ ਲਗਾਈਆਂ ਜਾਦੀਆਂ ਹਨ।
- ਬੁਰਜੀ ਖ਼ਤ ਬੁਨਿਆਦੀ: ਇਹ ਪੰਜਾਬ ਸਰਕਾਰ ਮਾਲ ਵਿਭਾਗ ਵਲੋਂ ਪਿੰਡ ਦੀ ਪੈਮਾਇਸ਼ ਕਰਨ ਸਮੇਂ ਮੁਰੱਬੇ ਦੀ ਪਹਿਲੀ ਲਾਈਨ ਦੇ ਦੋਵੇਂ ਸਿਰਿਆਂ ਤੇ ਲਾਈਆਂ ਜਾਂਦੀਆਂ ਹਨ।
ਆਇਤਾਕਾਰ ਦੇ ਚਾਰੇ ਕੋਨਿਆਂ ਦੀਆਂ ਬੁਰਜੀਆਂ ਕਿਸ ਸਾਈਜ਼ ਦੀਆਂ ਹੋਣੀਆਂ ਚਾਹੀਦੀਆਂ ਹਨ?
ਇਹ ਬੁਰਜੀਆਂ ਕੰਕਰੀਟ ਜਾਂ ਪੱਥਰ ਦੀਆਂ ਬਣੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਸਾਈਜ਼ 45 ਸੈਟੀਂਂਮੀਟਰ X 15 ਸੈਟੀਂਂਮੀਟਰ X 15 ਸੈਟੀਂਂਮੀਟਰ 17.7 Inches Deep X 6 Inches wide X 6 Inches wide ਤੋਂ ਘੱਟ ਨਹੀਂ ਹੋਣਾ ਚਾਹੀਦਾ। ਇਹਨਾਂ ਨੂੰ ਮੁਰੱਬੇਬੰਦੀ ਪੱਥਰ ਵੀ ਕਿਹਾ ਜਾਂਦਾ ਹੈ, ਇਸ ਜ਼ਮੀਨ ਦੀ ਨਿਸ਼ਾਨਦੇਹੀ ਵੇਲੇ ਕੰਮ ਆਉਂਦੇ ਹਨ। ਇਹਨਾਂ ਨੂੰ ਲਗਾਉਣ ਵੇਲੇ ਇਸ ਤਰ੍ਹਾਂ ਲਗਾਇਆ ਜਾਂਦਾ ਹੈ ਕਿ ਇਹ ਨਾਲ ਲਗਦੇ ਮੁਰੱਬਿਆਂ ਨਾਲ ਸਾਂਝੇ ਲਾਏ ਜਾਂਦੇ ਹਨ।
ਇਹਨਾਂ ਨਿਸ਼ਾਨਾਂ ਨੂੰ ਪਟਵਾਰੀ ਦੇ ਸ਼ਜਰੇ, ਸਰਵੇ ਆਫ਼ ਇੰਡੀਆ ਦੇ ਨਕਸ਼ਿਆਂ ਦੀ ਦਰੁਸਤੀ ਲਈ ਵੀ ਵਰਤਿਆ ਜਾਂਦਾ ਹੈ।