Punjab Land Revenue Act, 1887, ਤਕਸੀਮ ਵੱਲੋਂ ਮਾਲ ਅਫਸਰ, ਮਾਲਕੀ ਸਬੰਧੀ ਝਗੜੇ ਦਾ ਨਿਪਟਾਰਾ (Disposal of question of title), ਤਕਸੀਮ ਦੀ ਕਾਰਵਾਈ ਆਰੰਭ ਕਰਨਾ, ਨਕਸ਼ਾ “ੳ”, ਨਕਸ਼ਾ “ਅ”, ਨਕਸ਼ਾ “ੲ”, ਸਿਵਲ ਪ੍ਰੋਸੀਜ਼ਰ ਕੋਡ, 1908 (Civil Procedure Code, 1908) , ਕਰ ਤਕਸੀਮ ਅਧੀਨ ਰਕਬਾ ਸਾਂਝਾ ਰਸਤਾ ਹੋਵੇ ਜਾਂ ਸਾਂਝਾ ਪਾਣੀ ਦਾ ਖਾਲ ਹੋਵੇ ਜਾਂ ਕੋਈ ਹੋਰ ਅਜਿਹੀ ਥਾਂ ਹੋਵੇ, ਜੋ ਹਿੱਸੇਦਾਰਾਂ ਵੱਲੋਂ ਸਾਂਝੇ ਤੌਰ ਤੇ ਵਰਤੀ ਜਾਂਦੀ ਹੋਵੇ, ਤਾਂ ਮਾਲ ਅਧਿਕਾਰੀ ਪੰਜਾਬ ਲੈਂਡ ਰੈਵਨਿਊ ਐਕਟ ਦੀ ਧਾਰਾ 115 ਅਧੀਨ ਤਕਸੀਮ ਦੀ ਅਰਜੀ ਨੂੰ ਰੱਦ ਕਰ ਸਕਦਾ ਹੈ।
ਤਕਸੀਮ ਵੱਲੋਂ ਮਾਲ ਅਫਸਰ
ਜਦੋਂ ਕਿਸੀ ਖੇਵਟ ਦੇ ਹਿੱਸੇਦਾਰ ਆਪਣੇ ਹਿੱਸੇ ਦੀ ਜ਼ਮੀਨ ਉੱਤੇ ਵੱਖ-ਵੱਖ ਖੇਤੀ ਕਰਦੇ ਹੋਣ ਅਤੇ ਕੁੱਝ ਹਿੱਸੇਦਾਰ ਆਪਸ ਵਿੱਚ ਤਕਸੀਮ ਕਰਾਉਣਾ ਚਾਹੁੰਦੇ ਹੋਣ ਪ੍ਰੰਤੂ ਸਾਰੇ ਤਕਸੀਮ ਕਰਾਉਣ ਲਈ ਸਹਿਮਤ ਨਾ ਹੁੰਦੇ ਹੋਣ ਤਾਂ ਅਜਿਹੀ ਸਥਿਤੀ ਵਿੱਚ ਜਿਹੜੇ ਹਿੱਸੇਦਾਰ ਤਕਸੀਮ ਕਰਾਉਣਾ ਚਾਹੁੰਦੇ ਹੋਣ, ਉਨ੍ਹਾਂ ਵੱਲੋਂ ਪਟਵਾਰੀ ਹਲਕਾ ਜਾਂ ਫਰਦ ਕੇਂਦਰ ਤੋਂ ਆਪਣੀ ਸਾਂਝੀ ਖੇਵਟ ਦੀ ਫਰਦ ਲੈ ਕੇ ਵਕੀਲ ਰਾਹੀਂ ਮਾਲ ਅਫਸਰ (ਤਹਿਸੀਲਦਾਰ/ਨਾਇਬ ਤਹਿਸੀਲਦਾਰ) ਦੀ ਅਦਾਲਤ ਵਿੱਚ ਤਕਸੀਮ ਕਰਾਉਣ ਲਈ ਅਰਜ਼ੀ ਦਿੱਤੀ ਜਾਂਦੀ ਹੈ। ਅਦਾਲਤ ਵੱਲੋਂ ਸਾਰੀਆਂ ਧਿਰਾਂ ਨੂੰ ਸੰਮਨ ਭੇਜੇ ਜਾਂਦੇ ਹਨ।
ਧਿਰਾਂ ਨੂੰ ਸੰਮਨ ਭੇਜਣਾ (ਅਧੀਨ ਧਾਰਾ 113):-
ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ ਧਾਰਾ 111 ਅਧੀਨ ਤਕਸੀਮ ਦੀ ਅਰਜੀ ਪ੍ਰਾਪਤ ਹੋਣ ਤੋਂ ਬਾਅਦ ਮਾਲ ਅਧਿਕਾਰੀ ਵਲੋਂ ਸੁਣਵਾਈ ਦੀ ਤਾਰੀਖ ਨਿਸ਼ਚਤ ਕਰਕੇ ਧਿਰਾਂ ਨੂੰ ਹਾਜ਼ਰ ਹੋਣ ਲਈ ਸੰਮਨ ਭੇਜਿਆ ਜਾਂਦਾ ਹੈ। ਧਿਰਾਂ ਨੂੰ ਸੰਮਨ ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ ਧਾਰਾ 20 ਅਧੀਨ ਤਾਮੀਲ ਕਰਵਾਏ ਜਾਂਦੇ ਹਨ।
ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ ਧਾਰਾ 20 ਹੇਠਾਂ ਦਰਸਾਈ ਗਈ ਹੈ:-
(1) ਮਾਲ ਅਧਿਕਾਰੀ ਵਲੋਂ ਜਾਰੀ ਕੀਤਾ ਗਿਆ ਸੰਮਨ ਇੰਜ ਤਾਮੀਲ ਕਰਵਾਇਆ ਜਾਵੇਗਾ:-
(ੳ) ਜਾਤੀ ਤੌਰ ਤੇ ਜਿਸਦੇ ਨਾਂ ਸੰਮਨ ਜਾਰੀ ਹੋਇਆ ਹੋਵੇ।
(ਅ) ਉਸਦੇ ਨਿਰਧਾਰਤ ਏਜੰਟ ਰਾਹੀ।
(ੲ)ਪਰਿਵਾਰ ਦੇ ਬਾਲਗ ਮੈਂਬਰ ਪੁਰਸ਼ ਜਾਂ ਇਸਤਰੀ, ਜਿਹੜਾ ਪਰਿਵਾਰ ਵਿੱਚ ਰਹਿੰਦਾ ਹੋਵੇ।
(2) ਜੇਕਰ ਇਤਲਾਹ ਨਾ ਹੋ ਸਕੇ ਜਾਂ ਸੰਮਨ ਲੈਣ ਤੋਂ ਇਨਕਾਰ ਹੋ ਜਾਵੇ ਤਾਂ ਸੰਮਨ ਦੀ ਕਾਪੀ ਉਸ ਵਿਅਕਤੀ ਤੇ ਘਰ ਦੇ ਦਰਵਾਜੇ ਜਾਂ ਦੀਵਾਰ ਉੱਤੇ ਚਸਪਾ ਦਿੱਤੀ ਜਾਵੇਗੀ ਪ੍ਰੰਤੂ ਜੇਕਰ ਵਿਅਕਤੀ ਪਿੰਡ ਵਿੱਚ ਨਾ ਰਹਿੰਦਾ ਹੋਵੇ ਤਾਂ ਜ਼ਮੀਨ ਦੇ ਨੇੜੇ ਕਿਸੇ ਸਾਂਝੀ ਜਗ੍ਹਾਂ ਉੱਤੇ ਚਸਪਾ ਕੀਤੀ ਜਾਵੇਗੀ। ਇਸਨੂੰ ਮਾਲ ਵਿਭਾਗ ਦੀ ਭਾਸ਼ਾ ਵਿੱਚ ਸੰਮਨਾਂ ਦੀ ਚਸਪਾਨਗੀ ਕਰਨਾ ਕਹਿੰਦੇ ਹਨ।
(3) ਜੇਕਰ ਦੂਜੀ ਧਿਰ ਦੇ ਵਿਅਕਤੀ ਬਹੁਤ ਜਿਆਦਾ ਹੋਣ ਤਾਂ ਪਹਿਲਾਂ ਜਾਤੀ ਤੌਰ ਤੇ ਇਤਲਾਹ ਕਰਵਾਈ ਜਾਵੇਗੀ, ਜਿਹੜੇ ਵਿਅਕਤੀਆਂ ਨੂੰ ਇਤਲਾਹ ਨਾ ਹੋ ਸਕੇ, ਉਨ੍ਹਾਂ ਦੀ ਇਤਲਾਹ ਲਈ ਪਟਵਾਰੀ ਹਲਕਾ ਰਾਹੀਂ ਰਪਟ ਰੋਜ਼ਨਾਮਚਾ ਵਾਕਿਆਤੀ ਦਰਜ਼ ਕਰਵਾਕੇ ਪਿੰਡ: ਵਿੱਚ ਮੁਨਾਦੀ ਕਰਵਾਈ ਜਾਵੇਗੀ। ਇਸਨੂੰ ਮਾਲ ਵਿਭਾਗ ਦੀ ਭਾਸ਼ਾ ਵਿੱਚ ਮੁਨਾਦੀ ਕਰਵਾਉਣਾ ਕਹਿੰਦੇ ਹਨ।
(4) ਧਾਰਾ 20(4) ਅਧੀਨ ਸੰਮਨ ਰਜਿਸਟਰਡ ਡਾਕ ਰਾਹੀਂ ਵੀ ਭੇਜੇ ਜਾ ਸਕਦੇ ਹਨ।
(5) ਜੇਕਰ ਰਜਿਸਟਰਡ ਲਿਫਾਫਾ ਸਮੇਤ ਸੰਮਨ ਵਾਪਸ ਨਾ ਆਵੇ ਤਾਂ ਸਮਝ ਲਿਆ ਜਾਵੇਗਾ ਕਿ ਇਤਲਾਹ ਹੋ ਚੁੱਕੀ ਹੈ।
(6) ਜੇਕਰ ਕਿਸੀ ਢੰਗ ਰਾਹੀਂ ਅਧੀਨ ਧਾਰਾ 20(1) ਤੋਂ 20(5) ਰਾਹੀਂ ਇਤਲਾਹ ਕਰਵਾਈ ਜਾਣੀ ਸੰਭਵ ਨਾ ਹੋਵੇ ਤਾਂ ਇਤਲਾਹ ਲਈ ਹੇਠ ਲਿਖੇ ਢੰਗ ਵੀ ਵਰਤੇ ਜਾ ਸਕਦੇ ਹਨ। (ਨੋਟੀਫਿਕੇਸ਼ਨ ਮਿਤੀ 26-04-2011 ਰਾਂਹੀ)
(ੳ) ਰਾਜ ਅੰਦਰ ਜਾਂ ਰਾਜ ਤੋਂ ਬਾਹਰ : ਡਾਕ ਰਾਂਹੀ, ਕੋਰੀਅਰ ਸਰਵਿਸ ਰਾਹੀ, ਫੈਕਸ ਰਾਹੀਂ, ਈ-ਮੇਲ ਰਾਹੀਂ
(ਅ) ਜੇਕਰ ਇਸਤਰੀ ਜੇਲ ਵਿੱਚ ਹੋਵੇ ਤਾਂ ਸੰਮਨ ਡਾਕ ਰਾਹੀਂ ਜਾਂ ਕੋਰੀਅਰ ਰਾਹੀਂ, ਫੈਕਸ ਰਾਹੀਂ ਜਾਂ ਈ-ਮੇਲ ਦੁਆਰਾ ਜੇਲ ਦੇ ਇੰਚਾਰਜ ਅਫਸਰ ਰਾਹੀਂ ਭੇਜੇ ਜਾ ਸਕਦੇ ਹਨ।
(ੲ) ਜੇਕਰ ਵਿਅਕਤੀ ਭਾਰਤ ਤੋਂ ਬਾਹਰ ਰਹਿੰਦਾ ਹੋਵੇ ਤਾਂ ਸੰਮਨ ਉਸ ਵਿਅਕਤੀ ਦੇ ਪਤੇ ਤੇ ਡਾਕ, ਕੋਰੀਅਰ, ਫੈਕਸ ਜਾਂ ਈ-ਮੇਲ ਰਾਹੀ ਭੇਜੇ ਜਾ ਸਕਦੇ ਹਨ।
(ਸ) ਜਿੱਥੇ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੋਵੇ ਅਤੇ ਕੋਈ ਵਿਅਕਤੀ ਕਿਸੇ ਬਾਹਰਲੇ ਦੇਸ਼ ਵਿੱਚ ਅਸਲ ਵਿੱਚ ਆਪਣੀ ਮਰਜ਼ੀ ਨਾਲ ਅਤੇ ਕਮਾਈ ਖਾਤਰ ਕੰਮ ਕਰਨ ਦੇ ਮਕਸਦ ਨਾਲ ਰਹਿੰਦਾ ਹੋਵੇ ਤਾਂ ਕੇਂਦਰ ਸਰਕਾਰ ਵੱਲੋਂ ਨਿਰਧਾਰਤ ਬਾਹਰਲੇ ਦੇਸ਼ ਦੇ ਅਫਸਰ ਰਾਹੀਂ ਸੰਮਨ ਤਾਮੀਲ ਕਰਵਾਏ ਜਾਣਗੇ। ਇਹ ਸੰਮਨ ਨਿਰਧਾਰਿਤ ਅਫਸਰ ਨੂੰ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲੇ ਰਾਹੀਂ ਭੇਜੇ ਜਾਣਗੇ। ਜੇਕਰ ਨਿਰਧਾਰਤ ਅਫਸਰ ਵੱਲੋਂ ਸੰਮਨਿੰਗ ਉਪਰੰਤ ਰਿਪੋਰਟ ਕੀਤੀ ਜਾਂਦੀ ਹੈ ਤਾਂ ਅਜਿਹੀ ਰਿਪੋਰਟ ਗਵਾਹੀ ਦੇ ਤੌਰ ਤੇ ਮੰਨਣਯੋਗ ਹੋਵੇਗੀ ਕਿ ਸੰਮਨ ਤਾਮੀਲ ਹੋ ਗਏ ਹਨ।
ਇੱਕ ਤਰਫਾ ਕਾਰਵਾਈ :-
ਉਪਰੋਕਤ ਦਰਸਾਏ ਗਏ ਸਾਰੇ ਤਰੀਕੇ ਅਪਣਾਉਣ ਤੋਂ ਬਾਅਦ ਵੀ ਜੇਕਰ ਧਿਰਾਂ ਹਾਜ਼ਰ ਨਹੀਂ ਹੁੰਦੀਆਂ ਤਾਂ ਉਨ੍ਹਾਂ ਦੇ ਖਿਲਾਫ ਇੱਕ ਤਰਫਾ ਕਾਰਵਾਈ ਅਮਲ ਵਿੱਚ ਲਿਆਈ ਜਾਂਦੀ ਹੈ।
ਮਸੂਲ ਨੂੰ ਦਰਖਾਸਤ ਕਰਤਾ ਵਲੋਂ ਸ਼ਾਮਲ ਕਰਨਾ :-
ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ ਧਾਰਾ 114 ਅਨੁਸਾਰ ਤਕਸੀਮ ਦੀ ਅਰਜ਼ੀ ਪ੍ਰਾਪਤ ਹੋਣ ਉਪਰੰਤ ਜਦੋਂ ਮਾਲ ਅਧਿਕਾਰੀ ਵਲੋਂ ਧਿਰਾਂ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਸੀ ਤਾਂ ਜੇਕਰ ਕੋਈ ਧਿਰ ਮਾਲ ਅਧਿਕਾਰੀ ਦੀ ਅਦਾਲਤ ਵਿੱਚ ਹਾਜ਼ਰ ਹੋਕੇ ਤਕਸੀਮ ਕਰਵਾਉਣ ਲਈ ਸਹਿਮਤ ਹੋ ਜਾਂਦੀ ਸੀ ਤਾਂ ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ ਧਾਰਾ 114 ਅਧੀਨ ਤਕਸੀਮ ਦੇ ਕੇਸ ਵਿੱਚ ਉਸ ਧਿਰ ਨੂੰ ਦਰਖਾਸਤ ਕਰਤਾ ਵਜੋਂ ਸ਼ਾਮਲ ਕਰ ਲਿਆ ਜਾਂਦਾ ਸੀ ਪ੍ਰੰਤੂ ਇਹ ਧਾਰਾ 2011 ਦੇ ਪੰਜਾਬ ਐਕਟ ਨੰਬਰ 15 ਦੀ ਨੋਟੀਫਿਕੇਸ਼ਨ ਨੰਬਰ 19/ਵਿਧਾਨਕ/2011 ਮਿਤੀ 26-04-2011 ਰਾਹੀ ਖਤਮ ਕਰ ਦਿੱਤੀ ਗਈ ਹੈ।
ਤਕਸੀਮ ਦੀ ਅਰਜ਼ੀ ਰੱਦ ਕਰਨ ਸਬੰਧੀ (ਪੰਜਾਬ ਲੈਂਡ ਰੈਵਨਿਊ ਐਕਟ, 1887 ਦੀ ਧਾਰਾ 115) :-
ਤਕਸੀਮ ਸਬੰਧੀ ਅਦਾਲਤ ਵਿੱਚ ਹਾਜ਼ਰ ਹੋਣ ਬਾਰੇ ਨੋਟਿਸ ਜਾਰੀ ਹੋਣ ਉਪਰੰਤ ਨਿਸ਼ਚਿਤ ਤਾਰੀਖ ਉੱਤੇ ਪਹੁੰਚੇ ਹਿੱਸੇਦਾਰਾਂ ਅਤੇ ਹਾਜ਼ਰ ਵਿਅਕਤੀ ਨੂੰ ਸੁਣਨ ਉਪਰੰਤ ਜੇਕਰ ਤਕਸੀਮ ਅਧੀਨ ਰਕਬਾ ਸਾਂਝਾ ਰਸਤਾ ਹੋਵੇ ਜਾਂ ਸਾਂਝਾ ਪਾਣੀ ਦਾ ਖਾਲ ਹੋਵੇ ਜਾਂ ਕੋਈ ਹੋਰ ਅਜਿਹੀ ਥਾਂ ਹੋਵੇ, ਜੋ ਹਿੱਸੇਦਾਰਾਂ ਵੱਲੋਂ ਸਾਂਝੇ ਤੌਰ ਤੇ ਵਰਤੀ ਜਾਂਦੀ ਹੋਵੇ, ਤਾਂ ਮਾਲ ਅਧਿਕਾਰੀ ਪੰਜਾਬ ਲੈਂਡ ਰੈਵਨਿਊ ਐਕਟ ਦੀ ਧਾਰਾ 115 ਅਧੀਨ ਤਕਸੀਮ ਦੀ ਅਰਜੀ ਨੂੰ ਰੱਦ ਕਰ ਸਕਦਾ ਹੈ।
ਧਿਰਾਂ ਵਿਚਕਾਰ ਸਮਝੋਤੇ ਨਾਲ ਤਕਸੀਮ ਸਬੰਧੀ (ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ ਧਾਰਾ 115-ੳ) :- ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ ਧਾਰਾ 115-ੳ ਅਨੁਸਾਰ:-
1) ਜੇਕਰ ਮਾਲ ਅਧਿਕਾਰੀ ਨੂੰ ਇਹ ਮਹਿਸੂਸ ਹੋ ਜਾਵੇ ਕਿ ਤਕਸੀਮ ਵਾਲੀਆਂ ਦੋਨੋਂ ਧਿਰਾਂ ਵਿਚਕਾਰ ਸਮਝੌਤਾ ਹੋ ਸਕਦਾ ਹੈ ਤਾਂ ਦੋਨੋ ਧਿਰਾਂ ਨੂੰ ਸਮਝੋਤੇ ਦੀਆਂ ਸ਼ਰਤਾਂ ਲਿਖਤੀ ਤੌਰ ਤੇ ਦੋਵੇਂ ਧਿਰਾਂ ਦੇ ਸੁਝਾਅ ਮੰਗੇ ਜਾਣਗੇ। ਇਤਰਾਜ ਅਤੇ ਸੁਝਾਅ ਲੈਣ ਉਪਰੰਤ ਮਾਲ ਅਧਿਕਾਰੀ ਨੂੰ ਲੱਗੇ ਕਿ ਸਮਝੋਤਾ ਹੋ ਸਕਦਾ ਹੈ ਤਾਂ ਸਮਝੋਤਾ ਕਰਵਾਉਣ ਲਈ ਉਹ ਮਾਮਲਾ ਪਿੰਡ ਦੇ ਪਤਵੰਤੇ ਲੋਕਾਂ ਦੀ ਸਹਾਇਤਾ ਨਾਲ ਧਿਰਾਂ ਦੇ ਵਿਚਾਰ ਲਈ ਭੇਜਿਆ ਜਾਵੇਗਾ। ਜੇਕਰ ਲਿਖਤੀ ਡੀਡ ਰਾਹੀਂ ਧਿਰਾਂ ਵਿਚਕਾਰ ਸਮਝੋਤਾ ਹੋ ਜਾਵੇ ਤਾਂ ਮਾਲ ਅਧਿਕਾਰੀ ਉਸ ਡੀਡ ਮੁਤਾਬਕ ਹੁਕਮ ਪਾਸ ਕਰ ਦੇਵੇਗਾ। ਮਾਲ ਅਧਿਕਾਰੀ ਵੱਲੋਂ ਪਾਸ ਕੀਤੀ ਗਏ ਹੁਕਮ ਅੰਤਮ ਹੋਣਗੇ। ਹੁਕਮਾਂ ਮੁਤਾਬਕ ਹੀ ਸੰਨਦ ਤਕਸੀਮ ਜਾਰੀ ਕੀਤੀ ਜਾਵੇਗੀ।
2) ਜੇਕਰ ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ ਧਾਰਾ 115ਓ ਦੇ ਸਬ-ਸੈਕਸ਼ਨ । ਅਧੀਨ ਸਮਝੌਤਾ ਨਾ ਹੋਵੇ ਤਾਂ ਮਾਲ ਅਧਿਕਾਰੀ ਧਿਰਾਂ ਨੂੰ ਸੁਣਨ ਉਪਰੰਤ 4 ਤੋਂ 6 ਮਹੀਨਿਆਂ ਵਿੱਚ ਮੈਰਿਟ ਦੇ ਅਧਾਰ ਤੇ ਫੈਸਲਾ ਕਰੇਗਾ।
ਦਰਖਾਸਤ ਨੂੰ ਮੈਨਜੂਰ ਕਰਨਾ (ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ ਧਾਰਾ 116) :- ਜੇਕਰ ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ ਧਾਰਾ 115 ਅਧੀਨ ਮਾਲ ਅਧਿਕਾਰੀ ਵੱਲੋਂ ਤਕਸੀਮ ਦੀ ਦਰਖਾਸਤ ਰੱਦ ਨਾ ਕੀਤੀ ਗਈ ਹੋਵੇ ਤਾਂ ਨਿਮਨਲਿਖਤ ਨੁਕਤਿਆਂ ਬਾਰੇ ਨਿਰਣਾ ਲਿਆ ਜਾਵੇਗਾ:-
(ੳ) ਕੀ ਤਕਸੀਮ ਅਧੀਨ ਅਰਾਜੀ ਦੀ ਮਾਲਕੀ ਸਬੰਧੀ ਧਿਰਾਂ ਵਿਚਕਾਰ ਕੋਈ ਝਗੜਾ ਹੈ ਜਾਂ ਨਹੀਂ?
(ਅ) ਕੀ ਤਕਸੀਮ ਅਧੀਨ ਜ਼ਮੀਨ ਦੇ ਤਰੀਕਾ ਤਕਸੀਮ ਸਬੰਧੀ ਕੋਈ ਝਗੜਾ ਹੈ। ਜਾਂ ਨਹੀਂ?
ਮਾਲਕੀ ਸਬੰਧੀ ਝਗੜੇ ਦਾ ਨਿਪਟਾਰਾ (Disposal of question of title) (ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ ਧਾਰਾ 117) :-
ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ ਧਾਰਾ 117 ਦੀ ਸਬ-ਸੈਕਸ਼ਨ (1) ਅਨੁਸਾਰ ਜੇਕਰ ਜ਼ਮੀਨ ਦੀ ਮਾਲਕੀ ਸਬੰਧੀ ਕੋਈ ਝਗੜਾ ਨਾ ਹੋਵੇ ਤਾਂ ਤਕਸੀਮ ਦੀ ਕਾਰਵਾਈ ਆਰੰਭ ਕੀਤੀ ਜਾਂਦੀ ਹੈ ਪ੍ਰੰਤੂ ਜੇਕਰ ਕੋਈ ਧਿਰ ਇਹ ਸਾਬਤ ਨਾ ਕਰ ਦੇਵੇ ਕਿ ਜ਼ਮੀਨ ਦੀ ਮਾਲਕੀ ਨੂੰ ਲੈ ਕੇ ਧਿਰਾਂ ਵਿਚਕਾਰ ਝਗੜਾ ਹੈ ਅਤੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਤਾਂ ਅਜਿਹੀ ਸਥਿਤੀ ਵਿੱਚ ਜਦੋਂ ਤੱਕ ਮਾਲਕੀ ਸਬੰਧੀ ਚੱਲ ਰਹੇ ਕੇਸ ਦਾ ਫੈਸਲਾ ਨਹੀਂ ਹੋ ਜਾਂਦਾ ਉਦੋਂ ਤੱਕ ਤਕਸੀਮ ਦਾ ਕੇਸ ਪੈਂਡਿੰਗ ਰੱਖਿਆ ਜਾਂਦਾ ਹੈ। ਕੇਸ ਦੇ ਨਿਪਟਾਰੇ ਤੋਂ ਬਾਅਦ ਹੀ ਤਕਸੀਮ ਦੀ ਕਾਰਵਾਈ ਆਰੰਭ ਕੀਤੀ ਜਾਂਦੀ ਹੈ।
ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ ਧਾਰਾ 117 ਦੀ ਸਬ ਸੈਕਸ਼ਨ (2) ਜੇਕਰ ਮਾਲ ਅਧਿਕਾਰੀ ਵੱਲੋਂ ਮਾਲਕੀ ਸਬੰਧੀ ਖੁਦ ਫੈਸਲਾ ਕੀਤਾ ਜਾਂਦਾ ਹੋਵੇ ਤਾਂ ਹੇਠ ਲਿਖੇ ਨਿਯਮ ਅਪਣਾਏ ਜਾਣਗੇ:-
(ੳ) ਜੇਕਰ ਝਗੜਾ ਮਾਲ ਅਦਾਲਤ ਦੇ ਅਧਿਕਾਰ ਖੇਤਰ ਦਾ ਹੋਵੇ ਤਾਂ ਮਾਲ ਅਧਿਕਾਰੀ ਵੱਲੋਂ ਪੰਜਾਬ ਟਨੈਂਨਸੀ ਐਕਟ, 1887 ਅਧੀਨ ਮਾਲ ਅਦਾਲਤ ਵਜੋਂ ਫੈਸਲਾ ਕੀਤਾ ਜਾਵੇਗਾ।
(ਅ) ਜੇਕਰ ਝਗੜਾ ਦੀਵਾਨੀ ਅਦਾਲਤ ਦੇ ਅਧਿਕਾਰ ਖੇਤਰ ਦਾ ਹੋਵੇ ਤਾਂ ਮਾਲ ਅਧਿਕਾਰੀ ਵੱਲੋਂ ਦੀਵਾਨੀ ਅਦਾਲਤ ਵਜੋਂ ਸਿਵਲ ਪ੍ਰੋਸੀਜ਼ਰ ਕੋਡ, 1908 (Civil Procedure Code, 1908) ਅਧੀਨ ਟਰਾਇਲ ਉਪਰੰਤ ਜਜਮੈਂਟ ਅਤੇ ਡਿਗਰੀ ਪਾਸ ਕੀਤੀ ਜਾਵੇਗੀ।
(ੲ) ਉਪਬੰਧ (ਅ) ਅਧੀਨ ਪਾਸ ਕੀਤੀ ਗਈ ਡਿਗਰੀ ਸਬੋਰਡੀਨੇਟ ਜੱਜ (Subordinate Judge) ਵੱਲੋਂ ਅਸਲ ਕੇਸ ਵਿੱਚ ਪਾਸ ਕੀਤੀ ਗਈ ਡਿਗਰੀ ਦੀ ਤਰ੍ਹਾਂ ਹੀ ਅਪੀਲ ਯੋਗ ਹੋਵੇਗੀ।
(ਸ) ਅਪੀਲ ਉਪਰੰਤ ਜਿਲ੍ਹਾ ਅਦਾਲਤ ਜਾਂ ਹਾਈਕੋਰਟ ਵੱਲੋਂ ਤਕਸੀਮ ਦੀ ਕਾਰਵਾਈ ਉੱਤੇ ਅਪੀਲ ਦੇ ਫੈਸਲੇ ਤੱਕ ਰੋਕ ਲਗਾਈ ਜਾ ਸਕਦੀ ਹੈ।
(ਹ) ਜ਼ਿਲ੍ਹਾ ਅਦਾਲਤ ਵੱਲੋਂ ਕੀਤੇ ਗਏ ਅਪੀਲ ਦੇ ਫੈਸਲੇ ਦੀ ਜੇਕਰ ਉਸ ਸਮੇਂ ਦਾ ਕਾਨੂੰਨ ਇਜ਼ਾਜਤ ਦੇਵੇ ਤਾਂ ਹਾਈਕੋਰਟ ਵਿੱਚ ਅਪੀਲ ਹੋ ਸਕਦੀ ਹੈ।
ਮਾਲਕੀ ਜਾਂ ਤਰੀਕਾ ਤਕਸੀਮ ਸਬੰਧੀ ਝਗੜੇ ਦਾ ਫੈਸਲਾ (Decision regarding question of title or mode of partition) (ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ 118) :-
ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ ਧਾਰਾ 118 ਅਨੁਸਾਰ:-
(1) ਜਦੋਂ ਤਕਸੀਮ ਅਧੀਨ ਜ਼ਮੀਨ ਦੀ ਮਾਲਕੀ ਸਬੰਧੀ ਜਾਂ ਤਰੀਕਾ ਤਕਸੀਮ ਸਬੰਧੀ ਕੋਈ ਸਵਾਲ ਹੋਵੇ ਤਾਂ ਮਾਲ ਅਧਿਕਾਰੀ ਪੜਤਾਲ ਉਪਰੰਤ ਆਪਣੇ ਹੁਕਮਾਂ ਵਿੱਚ ਸਪੱਸ਼ਟ ਤੌਰ ਤੇ ਕਾਰਨ ਦਸਦੇ ਹੋਏ ਉਸ ਸਵਾਲ ਦਾ ਫੈਸਲਾ ਕਰੇਗਾ।
(2) 2011 ਦੇ ਪੰਜਾਬ ਐਕਟ 15 ਦੀ ਨੋਟੀਫਿਕੇਸ਼ਨ ਨੰਬਰ 19/ਵਿਧਾਨਕ/2011 ਮਿਤੀ 26-04-2011 ਅਨੁਸਾਰ ਸਬ-ਸੈਕਸ਼ਨ 1 ਅਧੀਨ ਕੀਤੇ ਗਏ ਫੈਸਲੇ ਖਿਲਾਫ ਕੋਈ ਅਪੀਲ ਨਹੀਂ ਹੋਵੇਗੀ।
ਤਕਸੀਮ ਦੀ ਕਾਰਵਾਈ ਆਰੰਭ ਕਰਨਾ :-
ਉਪਰੋਕਤ ਸਾਰੇ ਝਗੜਿਆਂ ਦਾ ਫੈਸਲਾ ਹੋਣ ਉਪਰੰਤ ਤਕਸੀਮ ਦੀ ਕਾਰਵਾਈ ਆਰੰਭ ਕੀਤੀ ਜਾਂਦੀ ਹੈ, ਜਿਸ ਦੋਰਾਨ ਨਿਮਨਲਿਖਿਤ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ :-
- ਨਕਸ਼ਾ “ੳ” :- ਸਭ ਤੋਂ ਪਹਿਲਾਂ ਮਾਲ ਅਫਸਰ (ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ) ਦੀ ਅਦਾਲਤ ਵਲੋਂ ਕਾਨੂੰਗੋ ਹਲਕਾ ਨੂੰ ਹੁਕਮ ਭੇਜਿਆ ਜਾਂਦਾ ਹੈ ਕਿ ਤਕਸੀਮ ਕਰਾਈ ਜਾਣ ਵਾਲੀ ਖੇਵਟ ਦਾ ਨਕਸ਼ਾ “ਓ” ਬਣਾਕੇ ਭੇਜਿਆ ਜਾਵੇ। ਕਾਨੂੰਗੋ ਹਲਕਾ ਚੈਕ ਕਰਦਾ ਹੈ ਅਤੇ ਪਟਵਾਰੀ ਹਲਕਾ ਵੱਲੋ ਤਕਸੀਮ ਕਰਾਈ ਜਾਣ ਵਾਲੀ ਖੇਵਟ ਦਾ ਨਕਸ਼ਾ “ੳ” ਬਣਾਕੇ ਭੇਜਿਆ ਜਾਵੇ। ਕਾਨੂੰਗੋ ਹਲਕਾ ਅਤੇ ਪਟਵਾਰੀ ਹਲਕਾ ਵਲੋਂ ਰਿਕਾਰਡ ਦੀ ਖੋਘ ਕਰਕੇ ਸਬੰਧਤ ਖੇਵਟ ਦਾ ਨਕਸ਼ਾ “ੳ” ਤਿਆਰ ਕੀਤਾ ਜਾਂਦਾ ਹੈ।
- ਨਕਸ਼ਾ “ਓ” ਸਬੰਧੀ ਇਤਰਾਜ਼ :- ਪਟਵਾਰੀ ਹਲਕਾ ਵੱਲੋਂ ਨਕਸ਼ਾ ਦੇ ਪ੍ਰਾਪਤ ਹੋਣ ਉਪਰੰਤ ਅਦਾਲਤ ਵੱਲੋਂ ਧਿਰਾਂ ਪਾਸੋਂ ਇਤਰਾਜ਼ ਮੰਗੇ ਜਾਂਦੇ ਹਨ। ਇਤਰਾਜ਼ ਸੁਨਣ ਉਪਰੰਤ ਜਦੋਂ ਨਕਸ਼ਾ ੳ ਪਾਸ ਹੋ ਜਾਵੇ ਤਾਂ “ਤਰੀਕਾ ਤਕਸੀਮ” ਸਬੰਧੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ?
- ਤਰੀਕਾ ਤਕਸੀਮ :- ਨਕਸ਼ਾ ੳ ਪਾਸ ਹੋਣ ਤੋਂ ਬਾਅਦ ਤਰੀਕਾ ਤਕਸੀਮ ਸਬੰਧੀ ਕਾਰਵਾਈ ਆਰੰਭੀ ਜਾਂਦੀ ਹੈ ਅਤੇ ਜ਼ਮੀਨ ਦੀ ਭੂਗੋਲਿਕ ਸਥਿਤੀ ਨੂੰ ਮੁੱਖ ਰੱਖਦੇ ਹੋਏ ਧਿਰਾਂ ਦੀ ਹਾਜ਼ਰੀ ਵਿੱਚ ਤਰੀਕਾ ਤਕਸੀਮ ਇਤਰਾਜ਼ ਸੁਨਣ ਉਪਰੰਤ ਪਾਸ ਕੀਤਾ ਜਾਂਦਾ ਹੈ। ਪੰਜਾਬ ਲੈਂਡ ਰੈਵੀਨਿਊ ਮੈਨੂਅਲ ਦੇ ਪੈਰ੍ਹਾਂ 18.140 ਅਧੀਨ ਮੌਕਾ ਵੇਖਿਆ ਜਾਵੇਗਾ ਅਤੇ ਪੰਜਾਬ ਲੈਂਡ ਰੈਵੀਨਿਊ ਮੈਨੂਅਲ ਦੇ ਪੈਰ੍ਹਾਂ 18.11 ਅਧੀਨ ਤਰੀਕਾ ਤਕਸੀਮ ਦੇ ਫੈਸਲੇ ਦਾ ਹੁਕਮ ਵਿਸਥਾਰ ਪੂਰਵਕ ਦਰਜ ਕੀਤਾ ਜਾਵੇਗਾ। ਫੈਸਲੇ ਵਿੱਚ ਹੁਕਮਾਂ ਦੇ ਸਪਸ਼ਟ ਕਾਰਨ ਦਰਸਾਏ ਜਾਣਗੇ। ਪਾਸ ਹੋਣ ਉਪਰੰਤ ਤਰੀਕਾ ਤਕਸੀਮ ਦੀ ਇੱਕ ਪੜਤ ਕਾਨੂੰਗੋ ਹਲਕਾ ਪਾਸ ਭੇਜਕੇ ਨਕਸ਼ਾ ਅ ਤਿਆਰ ਕਰਵਾਏ ਜਾਂਦੇ ਹਨ।
- 26.2.4 ਕਾਨੂੰਗੋ ਹਲਕਾ ਵੱਲੋਂ ਨਕਸ਼ਾ “ਅ” ਦੀ ਤਿਆਰੀ :- ਕਾਨੂੰਗੋ ਹਲਕਾ ਵੱਲੋਂ ਤਕਸੀਮ ਅਧੀਨ ਰਕਬੇ ਦਾ ਮੌਕਾ ਦੇਖਣ ਲਈ ਪਟਵਾਰੀ ਹਲਕਾ ਰਾਹੀਂ ਸਾਰੇ ਸਬੰਧਤ ਹਿੱਸੇਦਾਰਾਨ ਨੂੰ ਮੌਕਾ ਪਰ ਹਾਜ਼ਰ ਰਹਿਨ ਲਈ ਇਤਲਾਹਨਾਮਾ ਭੇਜਿਆ ਜਾਂਦਾ ਹੈ। ਨਿਯਤ ਮਿਤੀ ਉੱਤੇ ਪਟਵਾਰੀ ਹਲਕਾ ਸਮੇਤ ਰਿਕਾਰਡ ਅਤੇ ਧਿਰਾਂ ਦੀ ਹਾਜ਼ਰੀ ਵਿੱਚ ਕਾਨੂੰਗੋ ਹਲਕਾ ਵੱਲੋਂ ਮੌਕਾ ਦੇਖਿਆ ਜਾਂਦਾ ਹੈ। ਹਿੱਸੇਦਾਰਾਂ ਦੇ ਕਬਜ਼ੇ, ਮੋਟਰਾਂ/ਟਿਊਬਵੈਲਾਂ, ਰਸਤਿਆਂ ਆਦਿ ਦਾ ਧਿਆਨ ਰੱਖਕੇ ਤਰੀਕਾ ਤਕਸੀਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਨਕਸ਼ਾ “ਅ” ਤਿਆਰ ਕਰਕੇ ਸਹਾਇਕ ਕੁਲੈਕਟਰ ਦਰਜਾ ਪਹਿਲਾ (ਤਹਿਸੀਲਦਾਰ/ਨਾਇਬ ਤਹਿਸੀਲਦਾਰ) ਨੂੰ ਭੇਜਿਆ ਜਾਂਦਾ ਹੈ।
- ਨਕਸ਼ਾ “ਅ” ਉੱਪਰ ਇਤਰਾਜ਼ :- ਕੇਸ ਵਿੱਚ ਹਾਜ਼ਰ ਹੋਏ ਹਿੱਸੇਦਾਰਾਂ ਦੇ ਵਕੀਲਾਂ ਨੂੰ ਨਕਸ਼ਾ “ਅ” ਦੀ ਫੋਟੋ ਸਟੇਟ ਕਾਪੀ ਦੇ ਕੇ ਇਤਰਾਜ਼ ਮੰਗੇ ਜਾਂਦੇ ਹਨ। ਇਤਰਾਜ਼ਾਂ ਉੱਤੇ ਬਹਿਸ ਹੋਣ ਉਪਰੰਤ ਨਕਸ਼ਾ “ਅ ਸਬੰਧੀ ਫੈਸਲਾ ਸੁਣਾਇਆ ਜਾਂਦਾ ਹੈ। ਜੇਕਰ ਕਿਸੇ ਧਿਰ ਨੂੰ “ਨਕਸ਼ਾ ਅ” ਦੇ ਫੈਸਲੇ ਸਬੰਧੀ ਇਤਰਾਜ਼ ਹੋਵੇ ਤਾਂ ਉਹ ਧਿਰ ਕੁਲੈਕਟਰ (SDM) ਦੀ ਅਦਾਲਤ ਵਿਚ ਅਪੀਲ ਵੀ ਦਾਇਰ ਕਰ ਸਕਦੀ ਹੈ।
- ਨਕਸ਼ਾ ਅ ਉੱਤੇ ਅੰਤਿਮ ਫੈਸਲਾ ਹੋਣ ਉਪਰੰਤ ਸਹਾਇਕ ਕੁਲੈਕਟਰ ਦਰਜਾ ਪਹਿਲਾ “ਵੱਲੋਂ ਕਾਨੂੰਗੋ ਹਲਕਾ ਨੂੰ ਨਕਸ਼ਾ “ੲ” ਲਈ ਹਦਾਇਤ ਕੀਤੀ ਜਾਂਦੀ ਹੈ।
- ਨਕਸ਼ਾ “ੲ” ਦੀ ਤਿਆਰੀ :- ਸਹਾਇਕ ਕੁਲੈਕਟਰ ਦਰਜਾ ਪਹਿਲਾ ਦੇ ਹੁਕਮ ਆਉਣ ਉਪਰੰਤ ਕਾਨੂੰਗੋ ਹਲਕਾ ਪਟਵਾਰੀ ਹਲਕਾ ਦੀ ਮੱਦਦ ਨਾਲ ਨਕਸ਼ਾ “ੲ” ਤਿਆਰ ਕਰਦਾ ਹੈ।
- ਨਕਸ਼ਾ “ੲ” ਸਬੰਧੀ ਇਤਰਾਜ਼ :- ਮਿਸਲ ਤੇ “ਨਕਸ਼ਾ ੲ” ਸ਼ਾਮਲ ਹੋਣ ਉਪਰੰਤ ਨਕਸ਼ਾ ੲ ਸਬੰਧੀ ਇਤਰਾਜ਼ ਮੰਗੇ ਜਾਂਦੇ ਹਨ। ਇਤਰਾਜ਼ਾਂ ਸਬੰਧੀ ਕਾਰਵਾਈ ਖਤਮ ਹੋਣ ਉਪਰੰਤ “ਨਕਸ਼ਾ ੲ” ਉੱਤੇ ਫੈਸਲਾ ਸੁਣਾਇਆ ਜਾਂਦਾ ਹੈ। ਜੇਕਰ ਕਿਸੇ ਧਿਰ ਨੂੰ ਫੈਸਲਾ ਮੰਨਜੂਰ ਨਾ ਹੋਵੇ ਤਾਂ ਉਹ ਧਿਰ ਕੁਲੈਕਟਰ (ਐਸ.ਡੀ.ਐਮ.) ਦੀ ਅਦਾਲਤ ਵਿੱਚ ਅਪੀਲ ਦਾਇਰ ਕਰ ਸਕਦੀ ਹੈ।
- ਸੰਨਦ ਤਕਸੀਮ :- “ਨਕਸ਼ਾ ੲ” ਉੱਤੇ ਅੰਤਿਮ ਫੈਸਲਾ ਹੋਣ ਉਪਰੰਤ ਇਤਰਾਜ਼ਾਂ ਅਤੇ ਅਪੀਲ ਦੀ ਕਾਰਵਾਈ ਮੁਕੰਮਲ ਹੋਣ ਉਪਰੰਤ ਜਾਂ ਫਿਰ ਅਪੀਲ ਦਾ ਸਮਾਂ 30 ਦਿਨ ਗੁਜ਼ਰਨ ਉਪਰੰਤ ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ ਧਾਰਾ 121 ਅਧੀਨ “ਸੰਨਦ ਤਕਸੀਮ” ਜਾਰੀ ਕੀਤੀ ਜਾਂਦੀ ਹੈ। ਇਹ ਸੰਨਦ ਤਕਸੀਮ ਅਸ਼ਟਾਮ ਉੱਪਰ ਲਿਖੀ ਜਾਂਦੀ ਹੈ। ਅਸ਼ਟਾਮ ਸਾਇਲ ਧਿਰ ਵੱਲੋਂ ਅਦਾਲਤ ਵਿੱਚ ਜਮਾਂ ਕਰਾਏ ਜਾਂਦੇ ਹਨ। “ਸੰਨਦ ਤਕਸੀਮ” “ਨਕਸ਼ਾ ੲ” ਦੀ ਕਾਪੀ ਹੁੰਦੀ ਹੈ, ਜਿਸ ਵਿੱਚ ਸਾਂਝੇ ਮਾਲਕਾਂ ਦਾ ਸਾਬਕਾ ਇੰਦਰਾਜ ਅਤੇ ਸਾਂਝੇ ਨੰਬਰਾਨ ਖਸਰਾ, ਰਕਬਾ ਅਤੇ ਕੁੱਲ ਖੇਵਟ ਦਾ ਰਕਬਾ ਦਰਜ਼ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਨਵੀ ਵੰਡ ਅਨੁਸਾਰ ਇਕੱਲੇ-ਇਕੱਲੇ ਮਾਲਕ ਨੂੰ ਕਿਹੜੇ-ਕਿਹੜੇ ਨੰਬਰ ਖਸਰਾ ਅਤੇ ਰਕਬਾ ਮਿਲਿਆ ਸਬੰਧੀ ਇੰਦਰਾਜ ਦਰਜ਼ ਕੀਤਾ ਹੁੰਦਾ ਹੈ।
- ਕਾਰਵਾਈ ਕਬਜ਼ਾ :- ਸਾਇਲ ਧਿਰ ਵਿੱਚੋਂ ਕੋਈ ਵੀ ਮਾਲਕ ਜਿਸ ਨੂੰ ਤਕਸੀਮ ਰਾਹੀਂ ਵੱਖਰਾ ਟੱਕ ਅਲਾਟ ਹੋਇਆ ਹੋਵੇ, ਪੰਜਾਬ ਲੈਂਡ ਰੈਵੀਨਿਊ ਐਕਟ, 1887 ਦੀ ਧਾਰਾ 122 ਤਹਿਤ ਸੰਨਦ ਦੀ ਤਾਰੀਖ ਤੋਂ ਤਿੰਨ ਸਾਲ ਦੇ ਅੰਦਰ-ਅੰਦਰ ਮਾਲ ਅਫਸਰ ਦੀ ਅਦਾਲਤ ਵਿੱਚ ਦਰਖਾਸਤ ਦੇ ਕੇ ਕਬਜ਼ਾ ਵਰੰਟ ਰਾਹੀਂ ਕਬਜ਼ਾ ਹਾਸਲ ਕਰ ਸਕਦਾ ਹੈ। ਜੇਕਰ ਇਹ ਕਾਰਵਾਈ ਤਿੰਨ ਸਾਲ ਦੇ ਅੰਦਰ-ਅੰਦਰ ਨਹੀਂ ਕਰਵਾਈ ਜਾਂਦੀ ਤਾਂ ਉਸ ਤੋਂ ਬਾਅਦ ਦਿਵਾਨੀ ਅਦਾਲਤ ਹੀ ਕਬਜ਼ੇ ਸਬੰਧੀ ਕਾਰਵਾਈ ਕਰ ਸਕਦੀ ਹੈ।