ਮਾਲ ਵਿਭਾਗ ਨਾਲ ਸਬੰਧਤ ਆਮ ਜਾਣਕਾਰੀ ਮਾਲ ਰਿਕਾਰਡ ਦਾ ਮੁਆਇਨਾਂ (Inspection Of Revenue Record )ਅਤੇ ਨਕਲ ਪ੍ਰਾਪਤ ਕਰਨਾ
ਪਿੰਡ ਦਾ ਪਟਵਾਰੀ (Punjab Patwari) ਪਿੰਡ ਦੇ ਲੋਕਾਂ ਦਾ ਸਹਿਯੋਗੀ ਅਤੇ ਸੇਵਕ ਹੈ। ਮਾਲ ਦੇ ਰਿਕਾਰਡ ਨੂੰ ਸੁਰੱਖਿਅਤ ਰੱਖਣਾ ਉਸਦਾ ਫਰਜ਼ ਹੈ। ਕਿਸੇ ਅਦਾਲਤ ਜਾਂ ਉਚ ਅਧਿਕਾਰੀ ਦੇ ਹੁਕਮ ਤੋਂ ਬਗੈਰ ਉਸਨੂੰ ਰਿਕਾਰਡ ਵਿੱਚ ਤਬਦੀਲੀ ਕਰਨ ਦਾ ਕੋਈ ਅਖਤਿਆਰ ਨਹੀਂ। ਕਿਸੇ ਵੀ ਸ਼ੱਕ ਨੂੰ ਮਿਟਾਉਣ ਲਈ ਕੋਈ ਵੀ ਹੱਕਦਾਰ ਪਟਵਾਰੀ ਕੋਲ ਪਏ ਰਿਕਾਰਡ ਦਾ ਨਿਰੀਖਣ ਨਿਰਧਾਰਿਤ ਸਰਕਾਰੀ ਫੀਸ ਅਦਾ ਕਰਕੇ ਦੇਖ ਸਕਦਾ ਹੈ ਅਤੇ ਕੋਈ ਵੀ ਇੰਦਰਾਜ ਨੋਟ ਕਰ ਸਕਦਾ ਹੈ। ਇਸ ਦਾ ਵੇਰਵਾ ਪੰਜਾਬ ਲੈਂਡ ਰਿਕਾਰਡ ਮੈਨੂਅਲ (Punjab Land Record Manual) ਦੇ ਪੈਰਾ ਨੰਬਰ 3.48 ਵਿੱਚ ਕੀਤਾ ਹੋਇਆ ਹੈ।
ਜੇ ਕੋਈ ਵਿਅਕਤੀ ਪਟਵਾਰੀ ਦੇ ਰਿਕਾਰਡ ਵਿਚੋਂ ਕਿਸੇ ਇੰਦਰਾਜ਼ ਦੀ ਨਕਲ ਲੈਣੀ ਚਾਹੁੰਦਾ ਹੈ ਤਾਂ ਉਹ ਪਟਵਾਰੀ ਨੂੰ ਨਿਰਧਾਰਿਤ ਸਰਕਾਰੀ ਫੀਸ ਦੇ ਕੇ ਲੈ ਸਕਦਾ ਹੈ। ਫ਼ੀਸ ਦੇ ਬਦਲੇ ਪਟਵਾਰੀ ਉਸ ਵਿਅਕਤੀ ਨੂੰ ਆਪਣੇ ਹਸਤਾਖਰ ਕਰਕੇ ਰਸੀਦ ਦੇਵੇਗਾ ਅਤੇ ਇਸ ਸਬੰਧੀ ਇੰਦਰਾਜ ਰਜ਼ਿਸਟਰ ਉਜਰਤ ਨਕੂਲ ਅਤੇ ਰੋਜ਼ਨਾਮਚਾ ਵਾਕਿਆਤੀ ਵਿੱਚ ਦਰਜ ਕਰੇਗਾ। ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰਾ ਨੰਬਰ 3.48 ਮਾਲ ਰਿਕਾਰਡ ਦੀਆਂ ਨਕਲਾਂ ਲੈਣ ਲਈ ਜਾਂ ਉਸਦਾ ਮੁਆਇਨਾ ਕਰਨ ਲਈ ਵੱਖ ਵੱਖ ਫੀਸਾਂ ਨਿਸਚਿਤ ਕੀਤੀਆਂ ਗਈਆਂ ਹਨ।
ਮਾਲ ਮਹਿਕਮੇ ਨਾਲ ਸਬੰਧਤ ਵੱਖ ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਜੋ ਬਹੁਤ ਅਹਿਮ ਹਨ, ਉਹ ਇਸ ਪ੍ਰਕਾਰ ਹਨ:
ਲਾਲ ਕਿਤਾਬ (Red Book): ਲਾਲ ਕਿਤਾਬ ਕਿਸ ਨੂੰ ਕਹਿੰਦੇ ਹਨ?
ਲਾਲ ਕਿਤਾਬ ਇੱਕ ਰਜਿਸਟਰ ਹੁੰਦਾ ਹੈ, ਜਿਸ ਵਿੱਚ ਛੇ ਸਲਾਨਾ ਨਕਸ਼ੇ ਹੁੰਦੇ ਹਨ ਅਤੇ ਚਾਰ ਪੰਜ ਸਾਲਾ ਨਕਸ਼ੇ ਹੁੰਦੇ ਹਨ। ਇਨਾਂ ਨਕਸ਼ਿਆਂ ਤੋਂ ਪਿੰਡ ਦੇ ਸਾਰੇ ਵੇਰਵੇ ਦਾ ਪਤਾ ਚੱਲ ਸਕਦਾ ਹੈ ਅਤੇ ਹਰ ਪਿੰਡ ਵਿੱਚ ਇੱਕ-ਇੱਕ ਲਾਲ ਕਿਤਾਬ ਰੱਖੀ ਜਾਂਦੀ ਹੈ। ਪਟਵਾਰੀ ਕੋਲ ਲਾਲ ਕਿਤਾਬ ਪੰਜਾਬੀ ਭਾਸ਼ਾ ਵਿੱਚ ਹੁੰਦੀ ਹੈ ਅਤੇ ਦਫਤਰ ਕਾਨੂੰਗੋ ਕੋਲ ਪੰਜਾਬੀ ਅਤੇ ਅੰਗਰੇਜੀ ਵਿੱਚ ਹੁੰਦੀ ਹੈ। ਦਫਤਰ ਕਾਨੂੰਗੋ ਦੇ ਪਾਸ ਪਿੰਡ ਵਾਰ ਲਾਲ ਕਿਤਾਬ ਤੋਂ ਇਲਾਵਾ ਕੁੱਲ ਤਹਿਸੀਲ ਦੀ ਲਾਲ ਕਿਤਾਬ ਵੀ ਵੱਖਰੀ ਰੱਖੀ ਜਾਂਦੀ ਹੈ।
ਫੀਲਡ ਬੁਕ (Field Book):
ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰਾ ਨੰਬਰ 4.26
ਫੀਲਡ ਬੁੱਕ (Field Book) ਮਾਲ ਮਹਿਕਮੇ ਨਾਲ ਸਬੰਧ ਇਹ ਇੱਕ ਬਹੁਤ ਅਹਿਮ ਕਿਤਾਬ ਹੈ। ਮੌਕਿਆਂ ਤੇ ਪੈਮਾਇਸ਼ ਜਾਂ ਤਕਸੀਮ ਕਰਦਿਆਂ ਹੋਇਆਂ, ਇਸ ਕਿਤਾਬ ਵਿੱਚ ਹਰ ਇੱਕ ਖੇਤ ਲਈ ਨਾਲੋ-ਨਾਲ ਇੰਦਰਾਜ ਕੀਤਾ ਜਾਂਦਾ ਹੈ, ਇਸ ਵਿੱਚ ਕਿਸਾਨਾਂ ਦੇ ਖੇਤਾਂ ਦਾ ਹਰ ਕਿਸਮ ਦਾ ਵੇਰਵਾ ਜਿਵੇਂ ਕਿ ਖੇਤ ਦਾ ਖੇਤਰਫਲ, ਖੇਤ ਦੀਆਂ ਦਿਸ਼ਾਵਾਂ ਦਾ ਵੇਰਵਾ ਅਤੇ ਖੇਤਾਂ ਦਾ ਪੂਰਾ ਵਿਸਥਾਰ ਨਾਲ ਇਸ ਵਿੱਚ ਸਾਰੇ ਇੰਦਰਾਜ ਦਰਜ਼ ਕੀਤੇ ਜਾਂਦੇ ਹਨ, ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਾਫ ਹੋ ਜਾਂਦਾ ਹੈ ਕਿ ਇੱਕ ਕਿਸਾਨ ਦੇ ਇੱਕ-ਇੱਕ ਖੇਤ ਦਾ ਵੱਖਰਾ ਵੱਖਰਾ ਵੇਰਵਾ ਵੀ ਹੁੰਦਾ ਹੈ ਅਤੇ ਨਿਸ਼ਾਨ ਦੇਹੀ ਵੇਲੇ ਫ਼ੀਲਡ ਕਾਨੂੰਗੋ ਇਸ ਬੁਕ ਨੂੰ ਨਾਲ ਰੱਖਦਾ ਹੈ। ਤਕਸੀਮ ਦੇ ਕੇਸਾਂ ਵਿੱਚ ਵੀ ਇਸ ਦੀ ਜਰੂਰਤ ਹੁੰਦੀ ਹੈ।
ਪੂਰੇ ਪਿੰਡ ਵਿੱਚ ਕੋਈ ਅਜਿਹੀ ਥਾਂ ਨਹੀਂ ਹੁੰਦੀ ਜੋ ਮਿਣਤੀ ਤੋਂ ਬਾਹਰ ਹੋਵੇ। ਸਿਰਫ ਲਾਲ ਲਕੀਰ ਅੰਦਰ ਵਾਲੇ ਰਕਬੇ ਦਾ ਕੋਈ ਰਿਕਾਰਡ ਨਹੀਂ ਹੁੰਦਾ। ਬਾਕੀ ਪਿੰਡ ਦਾ ਇੱਕ-ਇੱਕ ਨੰਬਰ ਖਸਰਾ ਭਾਵੇਂ ਉਹ ਰਕਬਾ ਮਾਲਕ ਦਾ ਹੋਵੇ ਜਾਂ ਪਿੰਡ ਦੇ ਸਾਂਝੇ ਕੰਮਾਂ ਲਈ ਜਿਵੇਂ ਸਕੂਲ, ਧਰਮਸ਼ਾਲਾ, ਪੰਚਾਇਤ ਘਰ, ਰਸਤੇ, ਸ਼ਮਸਾਨ ਘਾਟ, ਹੱਡਾ-ਰੋੜੀ ਆਦਿ ਲਈ ਵਰਤਿਆ ਜਾਂਦਾ ਹੋਵੇ, ਉਹ ਸਾਰੇ ਰਕਬੇ ਦੀ ਮਿਣਤੀ ਕਰਕੇ ਫ਼ੀਲਡ ਬੁੱਕ ਤਿਆਰ ਕੀਤੀ ਜਾਂਦੀ ਹੈ। ਜਿਸ ਵਿੱਚ ਹਰ ਇੱਕ ਖਸਰਾ ਨੰਬਰ (Khasra Number) ਦੀਆਂ ਦਿਸ਼ਾਵਾਂ ਦੀ ਲੰਬਾਈ ਅਤੇ ਚੌੜਾਈ ਦਰਸਾਈ ਜਾਂਦੀ ਹੈ। ਫਿਰ ਹਿਸਾਬ ਦੇ ਤਰੀਕੇ ਰਾਹੀਂ ਹਰ ਖੇਤ ਜਾਂ ਖਸਰਾ ਨੰਬਰ ਦਾ ਰਕਬਾ ਕੱਢ ਕੇ ਦਰਸਾਇਆ ਜਾਂਦਾ ਹੈ।
ALSO READ What Is Laal Lakir (ਲਾਲ ਲਕੀਰ) In Punjab Property Registration Process (Notification 23-12-2016)
ਫੀਲਡ ਬੁੱਕ ਦੇ 5 ਖਾਨੇ ਹੁੰਦੇ ਹਨ, ਜੋ ਕਿ ਇਸ ਪ੍ਰਕਾਰ ਹਨ:
- ਖੇਤ ਦਾ ਨਾਮ (ਖਸਰਾ ਨੰਬਰ)
- ਨੰਬਰ 2 ਵਿੱਚ ਖਾਤਾ ਖਤੌਨੀ (Khatauni)
- ਖਾਨਾ ਨੰਬਰ ਤਿੰਨ ਵਿੱਚ ਹਿਸਾਬ ਖੇਤਰਫਲ ਅਤੇ
- ਖਾਨਾ ਨੰਬਰ 4 ਵਿੱਚ ਖੇਤਰਫਲ ਅਤੇ ਜ਼ਮੀਨ ਦੀ ਕਿਸਮ
- ਖਾਨਾ ਨੰਬਰ 5 ਵਿੱਚ ਪੁਰਾਣਾ ਅਤੇ ਨਵਾਂ ਵੇਰਵਾ ਹੁੰਦਾ ਹੈ ਅਤੇ ਇਸ ਦੀ ਵਿਆਖਿਆ ਦੇ ਖਾਨੇ ਵਿੱਚ ਦਸਤੀ ਖੇਤ ਦਾ ਅਕਾਰ ਬਣਾਕੇ ਲੋੜ ਅਨੁਸਾਰ ਰੰਗ-ਸਾਜ਼ੀ ਦਿਖਾਈ ਜਾਂਦੀ ਹੈ ਅਤੇ ਲੋੜੀਂਦੀ ਵਿਆਖਿਆ ਕੀਤੀ ਜਾਂਦੀ ਹੈ।
ਫ਼ੀਲਡ ਬੁੱਕ ਦੇ ਨਮੂਨੇ ਅਤੇ ਇਸ ਨੂੰ ਪੜ੍ਹਨ ਦਾ ਢੰਗ ਹੇਠਾਂ ਅਨੁਸਾਰ ਹੈ:
ਫ਼ੀਲਡ ਬੁੱਕ ਵਿੱਚ ਰਕਬਾ, ਖੇਤਰਫਲ ਮਰਲਿਆਂ, ਵਰਗ ਗਜ਼ਾਂ ਵਿੱਚ ਹੇਠਾਂ ਅਨੁਸਾਰ ਲਿਖਿਆ ਜਾਂਦਾ ਹੈ।
- 9 ਵਰਗ ਕਰਮ = 1 ਮਰਲਾ
- 20 ਮਰਲੇ = 1 ਕਨਾਲ
- 8 ਕਨਾਲ = 1 ਏਕੜ
ਇੱਕ ਗੱਲ ਹੋਰ ਜੋ ਫ਼ੀਲਡ ਬੁੱਕ ਵਿੱਚ ਧਿਆਨ ਦੇਣ ਵਾਲੀ ਹੈ ਉਹ ਇਹ ਕਿ ਏਕੜ ਦੀਆਂ ਕਰਮਾਂ ਦੀ ਦਿਸ਼ਾ ਹੇਠ ਲਿਖੇ ਅਨੁਸਾਰ ਹੋਵੇਗੀ। ਉੱਤਰ ਤੋਂ ਦੱਖਣ ਵੱਲ ਨੂੰ 36 ਕਰਮਾਂ ਹੁੰਦੀਆਂ ਹਨ ਅਤੇ ਪੂਰਬ ਤੋਂ ਪੱਛਮ ਵੱਲ ਨੂੰ 40 ਕਰਮਾਂ ਹੁੰਦੀਆਂ ਹਨ। (36 Karam North to South & 40 Karam East to West)
ਇਹ ਫੀਲਡ ਬੁੱਕ ਜਿੱਥੇ ਮੁਰੱਬੇਬੰਦੀ ਕਨਾਲਾਂ ਅਤੇ ਮਰਲਿਆਂ ਦੇ ਹਿਸਾਬ ਨਾਲ ਹੋਵੇ ਤਾਂ ਸਾਰੇ ਪਿੰਡ ਨੂੰ ਪਹਿਲਾਂ ਮੁਸਤਤੀਲਾਂ (ਮੁਰੱਬਿਆਂ) ਵਿੱਚ ਵੰਡਿਆ ਜਾਂਦਾ ਹੈ। ਫਿਰ ਉਸ ਮੁਸਤਤੀਲ ਵਿੱਚ 1 ਤੋਂ 25 ਤੱਕ ਖਸਰਾ ਨੰਬਰ ਲਗਾਏ ਜਾਂਦੇ ਹਨ। ਅਜਿਹੀ ਮਿਣਤੀ ਵਿੱਚ ਖਸਰਾ ਨੰਬਰ ਦੇ ਉੱਪਰ ਮੁਸਤਤੀਲ (ਮੁਰੱਬਾ) ਨੰਬਰ ਲਾਲ ਸਿਆਹੀ ਨਾਲ ਲਿਖਿਆ ਜਾਂਦਾ ਹੈ। ਉਦਾਹਰਣ ਵਜੋਂ: ਮੰਨ ਲਉ ਮੁਸਤਤੀਲ ਨੰਬਰ 109 ਹੈ ਅਤੇ ਇਸ ਵਿੱਚ ਕਿੱਲ੍ਹਾ ਨੰਬਰ 8 ਹੈ ਤਾਂ ਇਸ ਨੂੰ ਇਸ ਤਰ੍ਹਾਂ ਲਿਖਿਆ ਜਾਂਦਾ ਹੈ: ਖਸਰਾ ਨੰਬਰ 109//8, ਰਕਬਾ 8.0
ਫ਼ੀਲਡ ਬੁੱਕ ਵਿੱਚ ਜਦੋਂ ਰਕਬਾ ਕੱਢਿਆ ਜਾਂਦਾ ਹੈ ਤਾਂ ਉਸ ਵਿੱਚ ਕਰਮਾਂ ਨੂੰ ਕਰਮਾਂ ਨਾਲ ਗੁਣਾ ਕਰਕੇ ਵਰਗ ਕਰਮ ਪ੍ਰਾਪਤ ਕੀਤਾ ਜਾਂਦਾ ਹੈ ਅਤੇ ਵਰਗ ਕਰਮਾਂ ਨੂੰ ਤੇ ਤਕਸੀਮ ਕਰਕੇ ਕਨਾਲਾ ਮਰਲੇ ਆ ਜਾਂਦੇ ਹਨ।
36 ਕਰਮ X 40 ਕਰਮ = 1440 ਵਰਗ ਕਰਮ + 9 = 160 ਮਰਲੇ + 20 = 8-0 ਕਨਾਲਾ ਫੀਲਡ ਬੁੱਕ ਬਹੁਤ ਹੀ ਮਹੱਤਵਪੂਰਨ ਕਿਤਾਬ ਹੈ, ਜਿਸ ਤੋਂ ਤੁਹਾਨੂੰ ਆਪਣੀ ਜ਼ਮੀਨ ਦੀ ਸਹੀ ਦਿਸ਼ਾ ਅਤੇ ਮਿਣਤੀ ਦਾ ਪਤਾ ਚਲਦਾ ਹੈ।