ਜ਼ਮੀਨ ਦੀ ਪੈਮਾਇਸ਼ ਸਬੰਧੀ ਸੰਦਾਂ ਦਾ ਵੇਰਵਾ (Description Of Land Survey Instruments In Punjab):
ਜ਼ਮੀਨ ਦੀ ਪੈਮਾਇਸ਼ ਸਬੰਧੀ ਪੰਜਾਬ ਮਾਲ ਵਿਭਾਗ ਵਲੋਂ ਹੇਠ ਲਿਖੇ ਅੰਦਾਜਿਆਂ ਨੂੰ ਵਰਤੋਂ ਵਿੱਚ ਲਿਆਦਾਂ ਜਾਂਦਾ ਹੈ:
- ਰੇਖਾ, ਲਾਈਨ, ਲਕੀਰ: ਸਿੱਧੀ ਰੇਖਾ ਜਾਂ ਲਾਈਨ ਉਹ ਹੁੰਦੀ ਹੈ ਜੋ ਇੱਕ ਪਾਸੇ ਵਲ ਜਾਵੇ ਇਹ ਦੋ ਤਰ੍ਹਾਂ ਦੀ ਹੁੰਦੀ ਹੈ:
(1) ਸਿੱਧੀ ਲਕੀਰ
(2) ਵਿੰਗੀ ਟੇਢੀ ਲਕੀਰ - ਵੱਟ: ਜਿਹੜੀਆਂ ਖੇਤਾਂ ਦੀਆਂ ਹੱਦਾ ਕਾਇਮ ਕਰਨ ਲਈ ਬਣਾਈਆਂ ਜਾਂਦੀਆ ਹਨ। ਉਹਾਂ ਨੰ ਵੱਟਾਂ ਆਖਦੇ ਹਨ। ਨੁਕਤਾ: ਇਹ ਕਾਗਜ ਅਥਵਾ ਲੱਕੜ ਤੇ ਲੱਗੇ ਹੋਏ ਨਿਸ਼ਾਨ ਨੂੰ ਆਖਦੇ ਹਨ। ਅਸਲ ਵਿੱਚ ਇਹ ਕੋਈ ਜਗ੍ਹਾ ਨਹੀਂ ਘੇਰਦਾ, ਇਹ ਸਿਰਫ ਲਾਈਨਾਂ ਤੇ ਸ਼ਕਲਾਂ ਬਣਾਉਣ ਲਈ ਇਹ ਨਿਸ਼ਾਨ ਲਗਾਏ ਜਾਂਦੇ ਹਨ।
- ਮੌਕਾ: ਨੁਕਤੇ ਵਾਂਗ ਜਮੀਨ ਉੱਤੇ ਬਣਾਏ ਨਿਸ਼ਾਨ ਨੂੰ ਮੌਕਾ ਕਹਿੰਦੇ ਹਨ।
- ਸੇਹੱਦਾ: ਜਿੱਥੇ ਦੋ ਤੋਂ ਵੱਧ ਪਿੰਡਾਂ ਦੀਆਂ ਹੱਦਾਂ ਮਿਲਦੀਆਂ ਹੋਣ, ਉੱਥੇ ਪੱਥਰ ਲਗਾਇਆ ਜਾਂਦਾ ਹੈ।
- ਮੁਤਵਾਜੀ ਖੱਤ ਜਾਂ ਵੱਟਾਂ: ਮੁਤਵਾਜੀ (ਸਮਾਨਅੰਤਰ) ਖਤ ਜਾਂ ਵੱਟਾਂ ਉਹ ਹਨ, ਜਿਨ੍ਹਾਂ ਨੂੰ ਭਾਵੇਂ ਕਿੰਨੀ ਦੂਰ ਤੱਕ ਲੈ ਜਾਵੋ ਇਹ ਆਪਸ ਵਿੱਚ ਨਹੀਂ ਮਿਲਣਗੀਆਂ।
- ਚਾਂਦਾ (Chanda): ਦੋ ਫੁੱਟ ਲੰਬਾ ਕਿੱਲਾ ਗੱਡ ਕੇ ਉਹਦੇ ਦੁਆਲੇ ਇੱਕ ਗੱਜ ਦੇ ਫਾਸਲੇ ਤੇ ਇੱਕ ਫੁੱਟ ਡੂੰਗੀ ਖਾਈ ਪੱਟ ਦਿੱਤੀ ਜਾਂਦੀ ਹੈ, ਉਸ ਨੂੰ ਚਾਂਦਾ ਆਖਦੇ ਹਨ। ਪਿਛੋਂ ਇੱਥੇ ਪੱਕੀ ਬੁਰਜੀ ਲਾ ਕੇ ਨਿਸ਼ਾਨ ਕਾਇਮ ਕੀਤਾ ਜਾਂਦਾ ਹੈ।
ਨਿਸ਼ਾਨਦੇਹੀ ਵਿੱਚ ਵਰਤੇ ਜਾਂਦੇ ਪੈਮਾਇਸ਼ ਦੇ ਸੰਦ:
- ਸਜ਼ਰਾ ( Sajra): ਕਿਸੇ ਜ਼ਮੀਨ ਦੀਆਂ ਹੱਦਾਂ ਅਤੇ ਉਸਦੇ ਦੇ ਅੰਦਰਲੇ ਭਾਗਾਂ ਨੂੰ ਰੇਖਾਵਾਂ ਰਾਹੀਂ ਕਾਗਜ ਤੇ ਪਟਵਾਰੀ ਨਕਸ਼ਾ ਤਿਆਰ ਕਰਦਾ ਹੈ ਜਿਸ ਦੀ ਨਿਸ਼ਾਨ ਦੇਹੀ ਲੈਣੀ ਹੋਵੇ ਉਸ ਨਕਸ਼ੇ ਨੂੰ ਸਜ਼ਰਾ ਕਿਹਾ ਜਾਂਦਾ ਹੈ। ਸਜ਼ਰਾ ਪੈਮਾਨੇ ਨਾਲ ਬਣਾਇਆ ਜਾਂਦਾ ਹੈ ਅਤੇ ਮੌਕਿਆਂ ਤੇ ਵੱਟਾਂ ਤੇ ਫਾਸਲਿਆਂ ਨੂੰ ਜਰੀਬ ਨਾਲ ਮਿਣਿਆ ਜਾਂਦਾ ਹੈ। ਕਰਾਸ ਦੁਆਰਾ ਆਮੂਦ ਲੰਬ ਕੱਢ ਕੇ ਗਿਰਾਏ ਜਾਂਦੇ ਹਨ ਇਸ ਤਰ੍ਹਾਂ ਦੋ ਮੌਕਿਆਂ ਦੇ ਵਿੱਚਕਾਰ ਤੀਜਾ ਮੌਕਾ ਮਾਲੂਮ ਕੀਤਾ ਜਾਂਦਾ ਹੈ।
- ਪੈਮਾਨਾ: ਮੌਕਿਆਂ ਦੇ ਫਾਸਲੇ ਨੂੰ ਜਿਸ ਤਰ੍ਹਾਂ ਨਾਲ ਨਕਸ਼ੇ ਤੇ ਪ੍ਰਗਟ ਕੀਤਾ ਜਾਂਦਾ ਹੈ ਉਸ ਨੂੰ ਸਕੇਲ ਦਾ ਪੈਮਾਨਾ ਕਹਿੰਦੇ ਹਨ। ਸਜ਼ਰਾ ਕਿਸ਼ਤਵਾਰ ਵਿੱਚ ਆਮ ਤੌਰ ਤੇ 40 ਕਰਮ ਪ੍ਰਤੀ ਇੰਚ ਦੀ ਸਕੇਲ ਨਾਲ ਤਿਆਰ ਹੁੰਦੇ ਹਨ। ਇਸ ਤਰ੍ਹਾਂ ਸਮਝ ਲਵੋ ਕਿ ਸਜ਼ਰੇ ਵਿੱਚ ਖਿਚੀ ਹੋਈ ਲਾਈਨ ਤਿੰਨ ਇੰਚ ਹੋਵੇ ਤਾਂ ਇਹ 120 ਕਰਮ ਨੂੰ ਪ੍ਰਗਟ ਕਰੇਗੀ। ਜੇਕਰ ਖੇਤ ਬਹੁਤ ਛੋਟੇ ਹੋਣ ਤਾਂ ਦੂਜੇ ਪੈਮਾਨੇ ਤੇ 20 ਕਰਮ ਪ੍ਰਤੀ ਇੰਚ ਦੇ ਹਿਸਾਬ ਨਾਲ ਬਣਾ ਲਏ ਜਾਂਦੇ ਹਨ। ਜੇ ਖੇਤ ਬਹੁਤ ਵੱਡੇ ਹੋਣ ਤਾਂ 80 ਕਰਮ ਪ੍ਰਤੀ ਇੰਚ ਰੱਖਿਆ ਜਾਂਦਾ ਹੈ। ਪਟਵਾਰੀ ਦਾ ਪੈਮਾਨਾ (ਫੁੱਟਾ) ਮਨਜੂਰ ਹੋਏ ਕਾਰਖਾਨੇ ਤੋਂ ਪਿੱਤਲ ਦਾ ਬਣਿਆ ਹੁੰਦਾ ਹੈ। ਧਾਤ ਦਾ ਰੰਗ ਚਮਕਦਾਰ ਨਹੀਂ ਹੋਣਾ ਚਾਹੀਦਾ। ਇੰਚ ਦੇ ਨਿਸ਼ਾਨ ਪੂਰੀ ਚੌੜਾਈ ਤੇ ਸਮਕੋਨ ਵਾਲੇ ਹੁੰਦੇ ਹਨ ਅਤੇ ਹਰ ਇੰਚ ਸਮਭਾਗਾਂ (ਹਿੱਸਿਆਂ) ਵਿੱਚ ਵੰਡਿਆ ਜਾਂਦਾ ਹੈ। ਇੱਕ ਹਿੱਸੇ ਦੇ ਦੋ ਕਰਮ ਬਣਦੇ ਹਨ। ਇਹ ਨਿਸ਼ਾਨ ਠੀਕ, ਸਾਫ ਅਤੇ ਡੂੰਘੇ ਹੋਣੇ ਚਾਹੀਦੇ ਹਨ। ਇਹ ਖਤਾਂ ਨੂੰ ਮਿਣਨ ਅਤੇ ਦਿੱਤੇ ਹੋਏ ਫਾਸਲਿਆਂ ਦੇ ਖਤ ਬਣਾਉਣ, ਆਮੂਦ (ਲੰਬ) ਕੱਢਣ, ਗਿਰਾਉਣ ਦੇ ਕੰਮ ਆਉਂਦਾ ਹੈ।
- ਜ਼ਰੀਬ (Jareeb): ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰਾ ਨੰਬਰ: 3.68 & 3.71 : ਇਹ ਜ਼ਮੀਨ ਦੀ ਪੈਮਾਇਸ਼ ਕਰਨ ਸਮੇਂ ਜਾਂ ਨਿਸ਼ਾਨ ਦੇਹੀ ਕਰਨ ਸਮੇਂ ਇਹ ਸੱਭ ਤੋਂ ਮਹੱਤਵਪੂਰਨ ਸੰਦ ਹੈ। ਜ਼ਰੀਬ ਲੋਹੇ ਦੀਆਂ ਛੋਟੀਆਂ ਕੜੀਆਂ ਜੋੜ ਕੇ ਬਣਾਈ ਜਾਂਦੀ ਹੈ। ਕੜੀਆਂ ਦੇ ਸਿਰੇ ਗੋਲ ਹੁੰਦੇ ਹਨ ਜੋ ਲੋਹੇ ਦੇ ਛਲਿਆਂ ਨਾਲ ਆਪਸ ਵਿੱਚ ਜੁੜੇ ਹੁੰਦੇ ਹਨ ਅਤੇ ਲੋਹੇ ਦੀਆਂ ਨਰਮ ਕੜੀਆਂ ਦੀ ਬਣੀ ਹੁੰਦੀ ਹੈ। ਹਰ ਕਰਮ ਦੇ ਪਿੱਛੇ ਇੰਚ ਲੋਹੇ ਦਾ ਚੌਰਸ ਪੱਤਰਾ ਛੱਲੇ ਨਾਲ ਲੱਟਕਾਇਆ ਹੁੰਦਾ ਹੈ ਅਤੇ ਜ਼ਰੀਬ ਦੇ ਵਿੱਚਕਾਰ 3 ਵਰਗ ਇੰਚ ਪਿੱਤਲ ਦਾ ਟੁੱਕੜਾ ਲਟਕਾਇਆ ਹੁੰਦਾ ਹੈ। 66 ਇੰਦ ਦੀ ਕਰਮ ਵਾਲੀ ਜ਼ਰੀਬ ਵਿੱਚ 8 ਕੜੀਆਂ ਅਤੇ ਛੋਟੀ ਵਿੱਚ 7 ਕੜੀਆਂ ਹੁੰਦੀਆਂ ਹਨ। ਜ਼ਰੀਬ ਆਮ ਤੌਰ ਤੇ 10 ਕਰਮ ਜਾਂ 55 ਫੁੱਟ ਦੀ ਹੁੰਦੀ ਹੈ। ਪਰ ਮੀਟਰਿਕ ਪ੍ਰਣਲੀ ਅਨੁਸਾਰ ਜ਼ਰੀਬ 20 ਮੀਟਰ ਹੁੰਦੀ ਹੈ। ਜ਼ਰੀਬ ਦੇ ਦੋਵਾਂ ਸਿਰਿਆਂ ਤੇ ਕੁੰਡੇ ਹੁੰਦੇ ਹਨ, ਇਨ੍ਹਾਂ ਵਿੱਚੋਂ ਇੱਕ ਦੀ ਮੋਟਾਈ ਜ਼ਰੀਬ ਵਿੱਚ ਸਾਮਿਲ ਨਹੀਂ ਹੁੰਦੀ।
- ਅੱਡਾ: ਪੈਰਾ 3.70 ਪਟਵਾਰੀ ਨੂੰ ਉਸ ਵਲੋਂ ਵਰਤੇ ਜਾਣ ਵਾਲੇ ਕਰਮ ਜਾਂ ਮੀਟਰ ਦੀ ਲੰਬਾਈ ਵਾਲੇ ਲੋਹੇ ਦੇ ਗਜ਼ਾਂ ਦੀ ਸਹਾਇਤਾ ਨਾਲ ਜ਼ਰੀਬ ਦੀ ਲੰਬਾਈ ਠੀਕ ਰੱਖਣ ਲਈ ਹੇਠ ਲਿਖੇ ਢੰਗ ਨਾਲ ਅੱਡਾ ਤਿਆਰ ਕਰਦਾ ਹੈ: ਪਟਵਾਰਖਾਨੇ ਵਿੱਚ ਜਿੱਥੇ ਪੱਧਰੀ ਤੇ ਸਖਤ ਜਮੀਨ ਤੇ ਦੋ ਲਕੜੀ ਦੇ ਕੀਲੇ, ਜੋ ਲੰਬਾਈ ਵਿੱਚ 18 ਇੰਚ ਤੋਂ ਘੱਟ ਨਾ ਹੋਣ। ਜੇ ਦਸ ਕਰਮ ਦੀ ਜ਼ਰੀਬ ਹੋਵੇ ਤਾਂ ਦਸ ਕਰਮ ਤੇ ਕੀਲੇ ਗੱਡ ਦੇਣੇ ਹਨ, ਜੇ ਮੀਟਰਿਕ ਜ਼ਰੀਬ ਹੋਵੇ ਤਾਂ 20 ਮੀਟਰ ਤੇ ਕੀਲੇ ਗੱਡ ਕੇ ਅੱਡਾ ਤਿਆਰ ਕਰਦਾ ਹੈ। ਫਿਰ ਇੱਕ ਕੀਲੇ ਤੋਂ ਦੂਜੇ ਕੀਲੇ ਤੱਕ ਸੂਤ ਬੰਨਕੇ ਉਸ ਨਾਲ ਗਜ਼ ਰੱਖੇ ਗਾ ਜੋ ਇੱਕ ਸਿਰੇ ਤੋਂ ਸ਼ੁਰੂ ਹੋ ਕੇ ਉਹ ਦਸ ਗਜ ਰੱਖੇਗਾ ਜੋ ਦੂਜੇ ਸਿਰੇ ਕੀਲੇ ਦੇ ਅੰਦਰ ਟਕਰਾਵੇ। ਅੱਡਾ ਹਰ ਹਾਲਤ ਵਿੱਚ ਬਿਲਕੁੱਲ ਪੂਰਾ ਹੋਣਾ ਚਾਹੀਦਾ ਹੈ ਤਾਂ ਜੋ ਜ਼ਰੀਬ ਦੀ ਲੰਬਾਈ ਦੀ ਪਰਖ ਹੋ ਸਕੇ।
- ਝੰਡੀ: ਸਿੱਧੇ ਬਾਂਸ ਦੀ 10 ਫੁੱਟ ਲੰਬੀ ਹੁੰਦੀ ਹੈ। ਮੁਰੱਬਾ ਜਾਂ ਮੁਸਤਤੀਲ ਬੰਦੀ ਦੇ ਕੰਮ ਵਾਸਤੇ ਕੁੱਝ ਵੱਡੀਆਂ ਝੰਡੀਆਂ 15 ਇੰਚ ਲੰਬੀਆਂ ਹੋਣੀਆਂ ਚਾਹੀਦੀਆਂ ਹਨ। ਇਸ ਦੇ ਹੇਠਲੇ ਸਿਰੇ ਤੇ ਸਮ ਲੱਗੀ ਹੁੰਦੀ ਹੈ। ਅਤੇ ਰੰਗਦਾਰ ਫਰੇਰਾ ਲੱਗਾ ਹੁੰਦਾ ਹੈ। ਤਾਂਕਿ ਝੰਡੀ ਦੂਰੋਂ ਨਜਰ ਆ ਸਕੇ। ਝੰਡੀ ਨੂੰ ਪੈਰ ਜੋੜਕੇ ਪੈਰ ਦੇ ਅਗੂੰਠਿਆਂ ਵਿੱਚ ਦੀ ਸਿੱਧੀ ਗੱਡਣੀ ਹੈ।
- ਸੁੂਆ: ਪੈਰਾ 3.73 ਤਕਰੀਬਨ ਇੱਕ ਫੁੱਟ ਲੰਬੇ ਲੋਹੇ ਦਾ ਬਣਿਆ ਹੁੰਦਾ ਹੈ, ਪੈਮਾਇਸ਼ ਵਿੱਚ ਇਨ੍ਹਾਂ ਸੂਇਆਂ ਦੀ ਲੋੜ ਹੁੰਦੀ ਹੈ। ਜਦੋਂ ਜ਼ਰੀਬ ਮਿਣਤੀ ਲਈ ਵਿਛਾਈ ਜਾਂਦੀ ਹੈ ਤਾਂ ਜ਼ਰੀਬ ਦੇ ਕੁੰਡੇ ਦੇ ਸਿਰੇ ਤੇ ਗੱਡ ਦੇਈਦਾ ਹੈ ਤੇ ਜਦੋਂ ਜ਼ਰੀਬ ਅੱਗੇ ਖਿੱਚੀਦੀ ਹੈ ਤਾਂ ਪਹਿਲਾ ਕੁੰਡਾ ਉਸ ਸੂਏ ਵਿੱਚ ਪਾ ਦਿੱਤਾ ਜਾਂਦਾ ਹੈ।
- ਗਜ਼: ਪੈਰਾ 3.69 ਗਜ਼ ਲੋਹੇ ਦਾ ਬਣਿਆ ਹੁੰਦਾ ਹੈ, ਇਸ ਦੀ ਲੰਬਾਈ ਇੱਕ ਕਰਮ ਹੁੰਦੀ ਹੈ। ਭਾਵ 66 ਇੰਚ ਹੁੰਦੀ ਹੈ। ਪਰ ਹਰ ਇੱਕ ਪਟਵਾਰੀ ਪਾਸ ਦੇ ਗਜ਼ ਹੁੰਦੇ ਹਨ। ਮੀਟਰਕ ਗਜ ਇੱਕ ਮੀਟਰ ਭਾਵ 39.37 ਇੰਚ ਲੰਬਾ ਹੁੰਦਾ ਹੈ।
- ਕਰਾਸ: ਪੈਰਾ 3.72 ਇਹ ਲੱਕੜ ਦੀ ਚੌਰਸ ਫੱਟੀ 18 ਇੰਚ ਵਰਗਾਕਾਰ ਹੁੰਦਾ ਹੈ ਇਸ ਦੇ ਥੱਲੇ ਇੱਕ ਡੰਡਾ ਯੋਗ ਉਚਾਈ ਦਾ ਤਕਰੀਬਨ 18 ਇੰਚ ਦਾ ਫਿੱਟ ਕੀਤਾ ਜਾਂਦਾ ਹੈ। ਆਮ ਕਿਸਾਨੀ ਭਾਸ਼ਾ ਵਿੱਚ ਇਹ ਗੁਣੀਏ ਦਾ ਕੰਮ ਕਰਦਾ ਹੈ। ਅਤੇ ਇਸ ਦੀਆਂ ਫੱਟੀਆਂ ਦੇ ਉਪਰ ਵਿਚਕਾਰ ਇੱਕ ਝੱਰੀ ਹੁੰਦੀ ਹੈ। ਉਸ ਨੂੰ ਲਾਈਨ ਦੀ ਸੇਧ ਵਿੱਚ ਰੱਖ ਕੇ ਘੁੰਮਾ ਕੇ ਪਹਿਲਾਂ ਲਗੀਆਂ ਝੰਡੀਆਂ ਨੂੰ ਉਸ ਦੀ ਲਾਈਨ ਨਾਲ ਸਿੱਧੀਆਂ ਕਰ ਦੇਣਾ ਹੈ, ਇਹ ਕੰਮ ਇੱਕ ਅੱਖ ਮੀਚਕੇ ਹੁੰਦਾ ਹੈ, ਜਦੋਂ ਝੰਡੀਆਂ ਲਾਈਨ ਨਾਲ ਮਿਲ ਜਾਣ ਤਾਂ ਸਮਝੋ ਤੁਹਾਡੀ ਵੱਟ ਸਿੱਧੀ ਹੈ। ਇਸ ਥਾਂ ਤੇ ਜੋ ਮੌਕਾ ਉਪਰੋਕਤ ਤੇ ਲੰਬ (ਅਮੂਦ) ਗਿਰੇਗਾ।
ALSO READ Step by Step Property Marking procedure in Punjab (ਪੰਜਾਬ ਅੰਦਰ ਜ਼ਮੀਨ ਦੀ ਨਿਸ਼ਾਨਦੇਹੀ ਬਾਰੇ ਜਾਣਕਾਰੀ )
ਜ਼ਰੀਬ ਦੀ ਵਰਤੋਂ ਵੇਲੇ ਉਸ ਦੀ ਪਰਖ ਕਿਵੇਂ ਕਰਨੀ ਹੈ: ਪੰਜਾਬ ਲੈਂਡ ਰਿਕਾਰਡ ਮੈਨੂਅਲ ਦੇ ਪੈਰਾ ਨੰਬਰ 3.70:
ਜਦੋਂ ਜ਼ਰੀਬ ਦੀ ਵਰਤੋਂ ਕਰਨੀ ਹੁੰਦੀ ਹੈ ਤਾਂ ਹਲਕਾ ਪਟਵਾਰੀ ਪਹਿਲਾਂ ਇਸ ਦੀ ਪਰਖ ਕਰਦਾ ਹੈ। ਜ਼ਰੀਬ ਦੀ ਪਰਖ ਕਰਨ ਤੋਂ ਪਹਿਲਾਂ ਪਟਵਾਰੀ ਸਾਫ਼ ਪੱਧਰੇ ਥਾਂ ਤੇ ਇੱਕ ਕਿਲਾ ਗੱਡਦਾ ਹੈ ਅਤੇ ਫਿਰ ਲੋਹੇ ਦੇ ਫੀਤੇ ਨਾਲ ਮਿਣਕੇ ਫੁੱਟ ਦੀ ਦੂਰੀ ਤੇ ਦੂਜਾ ਕਿਲਾ ਗਡਦਾ ਹੈ। ਇਸ ਦੀ ਪਰਖ ਲਈ ਜ਼ਰੀਬ ਦੇ ਇੱਕ ਕੁੰਡੇ ਨੂੰ ਪਹਿਲੇ ਕੀਲੇ ਵਿੱਚ ਪਾ ਕੇ ਉਸ ਦਾ ਦੂਜਾ ਕੁੰਡਾ ਦੂਜੇ ਕੀਲੇ ਵੱਲ ਨੂੰ ਖਿਲਾਰਿਆ ਜਾਂਦਾ ਹੈ ਜੇਕਰ ਜ਼ਰੀਬ ਦਾ ਦੂਜਾ ਕੁੰਡਾ ਉਸ ਕੀਲੇ ਨੂੰ ਛੋਹੇ ਤਾਂ ਜ਼ਰੀਬ ਠੀਕ ਹੈ ਜੇ ਘੱਟ ਹੋਵੇ ਤਾਂ ਕੜੀਆਂ ਨੂੰ ਸਿੱਧਾ ਕਰਕੇ ਬਰਾਬਰ ਕਰ ਲਵੋ ਪਰ ਜੇਕਰ ਜ਼ਰੀਬ ਲੰਬੀ ਹੋਵੇ ਤਾਂ ਕੜੀਆਂ ਨੂੰ ਵਿੰਗਾ ਕਰਕੇ ਬਰਾਬਰ ਕਰ ਲਵੋ। ਜਿੱਥੇ ਜ਼ਰੀਬ ਪਰਖੀ ਜਾਂਦੀ ਹੈ ਉਹ ਆਮ ਕਿਸਾਨਾਂ ਦੀ ਭਾਸ਼ਾ ਵਿੱਚ ਉਸ ਨੂੰ ਅੱਡਾ ਕਹਿੰਦੇ ਹਨ।
ਜ਼ਰੀਬ ਨਾਲ ਸਿੱਧੀ ਲਾਈਨ ਦੀ ਮਿਣਤੀ:
ਮਿਣਤੀ ਹਮੇਸਾ ਸਿੱਧੀ ਕੀਤੀ ਜਾਂਦੀ ਹੈ। ਜਿਸ ਸਿੱਧੀ ਲਾਈਨ ਦੀ ਨਿਸ਼ਾਨਦੇਹੀ ਵੇਲੇ ਮਿਣਤੀ ਦੀ ਲੋੜ ਹੋਵੇ, ਉਸ ਦੇ ਦੋਹਾਂ ਸਿਰਿਆਂ ਤੇ ਝੰਡੀਆਂ ਲਗਾਉ ਅਤੇ ਇੱਕ ਤੀਜੀ ਝੰਡੀ ਲਾਈਨ ਦੇ ਵਿਚਕਾਰ ਗੱਡੋ ਕਿ ਜੇ ਇੱਕ ਪਾਸਿਓਂ ਵੇਖਿਆ ਜਾਵੇ ਤਾਂ ਆਖਰੀ ਝੰਡੀ ਦੂਜੀ ਦੀ ਆਡ ਵਿੱਚ ਮਿਣਤੀ ਕਰਦਿਆਂ ਛੁਪ ਜਾਵੇ। ਦੋ ਆਦਮੀ ਜ਼ਰੀਬ ਨੂੰ ਸਿਰਿਆਂ ਤੋਂ ਖਿੱਚਣਗੇ ਅਤੇ ਤੀਜਾ ਆਦਮੀ ਇਸ ਨੂੰ ਵਿਚਕਾਰੋਂ ਚੱਕੇਗਾ ਤਾਂਕਿ ਜ਼ਰੀਬ ਰਗੜਦੀ ਹੋਈ ਨਾ ਚਲੇ। ਜ਼ਰੀਬ ਦੀ ਇੱਕ ਕੁੰਡੀ ਦੀ ਮੋਟਾਈ ਬਾਹਰ ਰਹੇ।
ਜ਼ਰੀਬ ਖਿੱਚਣ ਵਾਲੇ ਨੂੰ ਆਮ ਭਾਸਾ ਵਿੱਚ ਜ਼ਰੀਬਕਸ਼ ਕਿਹਾ ਜਾਂਦਾ ਹੈ। ਇੱਕ ਸਿਰੇ ਤੋਂ ਜ਼ਰੀਬ ਪੱਕੜ ਕੇ ਸਿੱਧੀ ਕਰਕੇ ਦੂਜਾ ਜ਼ਰੀਬਕਸ਼ ਉਸ ਨੂੰ ਦੂਜੇ ਸਿਰੇ ਤੋਂ ਪੱਕੜ ਕੇ ਝੱਟਕੇਗਾ ਅਤੇ ਵੇਖੇਗਾ ਕਿ ਕੋਈ ਕੜੀ ਉਲਝੀ ਹੋਈ ਤਾਂ ਨਹੀਂ ਜੇ ਉਲਝੀ ਹੋਈ ਹੋਵੇ ਤਾਂ ਉਸ ਨੂੰ ਠੀਕ ਕਰੇਗਾ। ਹੁਣ ਪਹਿਲਾ ਜ਼ਰੀਬਕਸ਼ ਦੋ ਝੰਡੀਆਂ ਦੀ ਸੇਧ ਵਿੱਚ ਖੜਾ ਹੋਕੇ ਇਸ ਤਰ੍ਹਾਂ ਕੁੰਡੇ ਨੂੰ ਸੂਏ ਨਾਲ ਲਗਾਏਗਾ ਅਤੇ ਮੂੰਹੋਂ ਇੱਕ ਕਹੇਗਾ, ਹੁਣ ਦੂਜਾ ਜ਼ਰੀਬ ਖਿੱਚ ਕੇ ਅੱਗੇ ਲੈ ਜਾਵੇਗਾ।
ਜਦੋਂ ਉਹ ਜ਼ਰੀਬਕਸ਼ ਸੂਏ ਤੇ ਪੁੱਜੇਗਾ ਤਾਂ ਉਹ ਕਹੇਗਾ ਬਸ। ਫਿਰ ਉਹ ਜ਼ਰੀਬ ਦੇ ਕੁੰਡੇ ਨੂੰ ਸੂਏ ਵਿੱਚ ਇਸ ਤਰ੍ਹਾਂ ਪਾਏਗਾ ਕਿ ਸੂਆ ਆਪਣੀ ਥਾਂ ਤੋਂ ਨਾ ਹਿਲੇ। ਉਹ ਆਪਣੇ ਦੋਵੇਂ ਪੈਰ ਕੁੰਡੇ ਦੇ ਦੋਵੇਂ ਪਾਸੇ ਰੱਖ ਕੇ ਖਲੇ ਜਾਵੇਗਾ ਅਤੇ ਅਗਲਾ ਜ਼ਰੀਬਕਸ਼ ਮੁਹੋਂ ਕਹੇਗਾ ਦੋ। ਇਸ ਤਰ੍ਹਾਂ ਜਦੋਂ ਦਸਵਾਂ ਸੁਆ ਲਾਇਆ ਜਾਵੇਗਾ ਅਤੇ ਪਿਛਲਾ ਜ਼ਰੀਬਕਸ਼ ਨੌਵੇਂ ਸੂਏ ਤੇ ਪੁੱਜੇਗਾ। ਲਾਈਨ ਦੇ ਆਖਰੀ ਮੌਕਿਆਂ ਤੱਕ ਜਿੰਨੀਆਂ ਪੂਰੀਆਂ ਜਰੀਬਾਂ ਹੋਣ ਉਸ ਨੂੰ 10 ਨਾਲ ਗੁਣਾ ਕਰ ਲਵੇ ਉਹ ਤੁਹਾਡੀਆਂ ਪੂਰੀਆਂ ਕਰਮਾਂ ਆ ਜਾਣਗੀਆਂ।
ਨੋਟ: ਨਿਸ਼ਾਨ ਦੇਹੀ ਕਰਨ ਵੇਲੇ ਇਸ ਗਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਜਿਹੜੇ ਮੁਰੱਬਾ ਪੱਥਰ ਮੁਰੱਬੇ ਦੇ ਚਾਰੇ ਨੁਕਰਾਂ ਤੇ ਲੱਗੇ ਹੁੰਦੇ ਹਨ ਉਹ ਦੂਜੇ ਨਾਲ ਲਗਦੇ ਮੁਰੱਬਿਆਂ ਨਾਲ ਸਾਂਝੇ ਹੁੰਦੇ ਹਨ,ਅਤੇ ਜਦੋਂ ਇਨ੍ਹਾਂ ਤੋਂ ਮਿਣਤੀ ਸ਼ੁਰੂ ਕਰਨੀ ਹੈ ਤਾਂ ਜ਼ਰੀਬ ਦਾ ਕੁੰਡਾ ਪੱਥਰ ਦੇ ਸੈਂਟਰ ਚ ਰੱਖਕੇ ਮਿਣਤੀ ਸ਼ੁਰੂ ਕਰਨੀ ਹੈ, ਨਾਂ ਕਿ ਉਸ ਦੀ ਸਾਈਡ ਤੋਂ।
ਨੋਟ: ਪੰਜਾਬ ਸਰਕਾਰ ਮਾਲ ਪੁਨਰਵਾਸ ਤੇ ਡਿਜਾਸਟਰ ਮੈਨੇਜਮੈਂਟ ਵਿਭਾਗ (ਭੌਂ ਮਾਲੀਆ ਸ਼ਾਖਾ) ਦੇ ਮੀਮੋ ਨੰ. 10/05/2012 – ਭ:ਮ:- 2/25/94 ਦੁਆਰਾ ਮਿਤੀ 01/12/2017 ਨੂੰ ਰਾਜ ਵਿੱਚ ਨਿਸ਼ਾਨਦੇਹੀ ਦੀ ਸੇਵਾ ਨੂੰ ਰਾਈਟ ਟੂ ਸਰਵਿਸ ਐਕਟ, 2011 ਵਿੱਚ ਸ਼ਾਮਿਲ ਕੀਤਾ। ਗਿਆ ਹੈ ਜਿਸ ਦਾ ਨਿਪਟਾਰਾ ਨਿਸ਼ਾਨਦੇਹੀ ਦੀ ਅਪਲੀਕੇਸ਼ਨ ਦੇਣ ਤੋਂ 45 ਦਿਨਾਂ ਦੇ ਅੰਦਰ ਅੰਦਰ ਕਰਨਾ ਨਿਰਧਾਰਤ ਕੀਤਾ ਹੋਇਆ ਹੈ। ਇਸ ਆਰਡਰ ਦੁਆਰਾ ਹੁਣ ਸਾਨੂੰ ਨਿਸ਼ਾਨਦੇਹੀ ਵਾਸਤੇ ਖੜ੍ਹੀ ਫ਼ਸਲ ਦੇ ਕੱਟਣ ਤੱਕ ਇੰਤਜਾਰ ਨਹੀਂ ਕਰਨਾ ਪੈਦਾਂ। ਅੱਜ ਦੇ ਵਿਗਿਆਨਿਕ ਯੁਗ ਵਿੱਚ ਹੁਣ ਖੜੀ ਫ਼ਸਲ ਦੀ ਨਿਸ਼ਾਨਦੇਹੀ Electronic Total Station ਦੇ ਰਾਹੀ ਸੰਭਵ ਹੋ ਗਈ ਹੈ। ਤੁਸੀਂ ਕਦੇ ਵੀ ਨਿਸ਼ਾਨਦੇਹੀ ਲੈ ਸਕਦੇ ਹੋ। ਇਸ ਆਧੁਨਿਕ ਯੰਤਰ ਨਾਲ 2.6 ਮੀਟਰ ਦੀ ਉਚਾਈ ਤੱਕ (ਗੰਨੇ ਦੀ ਖੜੀ ਫ਼ਸਲ) ਵਿੱਚ ਵੀ ਬਹੁਤ ਘੱਟ ਸਮੇ ਵਿੱਚ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ। ਪਰੰਤੂ ਆਧੁਨਿਕ ਯੰਤਰ ਨਾਲ ਨਿਸ਼ਾਨਦੇਹੀ ਦੇਣ ਵਿੱਚ ਹੋਣ ਵਾਲੇ ਖਰਚੇ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਪੰਜਾਬ ਰੈਵੀਨਿਊ ਐਕਟ ਦੀ ਧਾਰਾ 101- ਏ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੇਠ ਲਿਖੇ ਅਨੁਸਾਰ ਨਿਸ਼ਾਨਦੇਹੀ ਦੀ ਫੀਸ ਨਿਰਧਾਰਤ ਕਰਨ ਦਾ ਫੈਸਲਾ ਲਿਆ ਹੈ:
- 1 ਏਕੜ ਤੋਂ 5 ਏਕੜ ਤੱਕ = 500/- ਰੁਪਏ
- 5 ਏਕੜ ਤੋਂ 25 ਏਕੜ ਤੱਕ =2000/- ਰੁਪਏ
- 25 ਏਕੜ ਤੋਂ ਵਧੇਰੇ = 5000/- ਰੁਪਏ