ਪੰਜਾਬ ਵਿੱਚ ਜ਼ਮੀਨ ਦੀ ਜਮ੍ਹਾਂਬੰਦੀ (Jamabandi) ਕੀ ਹੁੰਦੀ ਹੈ (Record of Property Rights Under Property Registration Process in Punjab)

ਜ਼ਮੀਨ ਦੀ ਮਾਲਕੀ ਦੇ ਹੱਕਾਂ ਨੂੰ ਦਰਸਾਉਦੀ ਕਿਤਾਬ ਨੂੰ ਜ਼ਮੀਨ ਦੀ ਜਮ੍ਹਾਂਬੰਦੀ (Jamabandi, Record of Property Rights Under Property Registration Process in Punjab) ) ਕਿਹਾ ਜਾਂਦਾ ਹੈ।ਮੁਰੱਬਾਬੰਦੀ / ਚੱਕਬੰਦੀ ਜਾਂ ਨਵੀਂ ਪੈਮਾਇਸ਼ ਤੋਂ ਬਾਅਦ ਜੋ ਪਹਿਲੀ ਵਾਰ ਜਮ੍ਹਾਂਬੰਦੀ ਬਣਦੀ ਹੈ, ਉਸ ਨੂੰ ਮਿਸਲ ਹਕੀਅਤ ਆਖਿਆ ਜਾਂਦਾ ਹੈ, ਕਾਸ਼ਤਕਾਰ ਵਲੋਂ ਦਿੱਤਾ ਜਾਣ ਵਾਲਾ ਚਕੌਤਾ, ਕੈਫੀਅਤ, ਖੇਵਟ ਨੰਬਰ,ਖਤੌਨੀ ਨੰਬਰ

ਜ਼ਮੀਨ ਦੀ ਜਮ੍ਹਾਂਬੰਦੀ  (Jamabandi, Record of Rights Under Property Registration Process in Punjab)

ਜ਼ਮੀਨ ਦੀ ਮਾਲਕੀ ਦੇ ਹੱਕਾਂ ਨੂੰ ਦਰਸਾਉਦੀ ਕਿਤਾਬ ਨੂੰ ਜਮ੍ਹਾਂਬੰਦੀ (Record of Rights) ਕਿਹਾ ਜਾਂਦਾ ਹੈ। ਹਰ ਪਿੰਡ (Revenue Estate) ਦੀ ਵੱਖਰੀ ਜਮ੍ਹਾਂਬੰਦੀ ਬਣਾਈ ਜਾਂਦੀ ਹੈ। ਜਿਸ ਦੀਆਂ ਦੋ ਪਰਤਾਂ ਹੁੰਦੀਆਂ ਹਨ। ਇੱਕ ਪਰਤ ਪਟਵਾਰੀ ਹਲਕਾ ਪਾਸ ਰਹਿੰਦੀ ਹੈ ਅਤੇ ਦੂਜੀ ਪਰਤ ਰਿਕਾਰਡ ਰੂਮ ਵਿੱਚ ਦਾਖਲ ਕਰਾਈ ਜਾਂਦੀ ਹੈ।

ਮੁਰੱਬਾਬੰਦੀ / ਚੱਕਬੰਦੀ ਜਾਂ ਨਵੀਂ ਪੈਮਾਇਸ਼ ਤੋਂ ਬਾਅਦ ਜੋ ਪਹਿਲੀ ਵਾਰ ਜਮ੍ਹਾਂਬੰਦੀ ਬਣਦੀ ਹੈ, ਉਸ ਨੂੰ ਮਿਸਲ ਹਕੀਅਤ ਆਖਿਆ ਜਾਂਦਾ ਹੈ। ਉਸ ਤੋਂ ਬਾਅਦ ਹਰ 5 ਸਾਲ ਬਾਅਦ ਨਵੀਂ ਜਮ੍ਹਾਂਬੰਦੀ ਹਲਕਾ ਪਟਵਾਰੀ ਅਤੇ ਫਰਦ ਕੇਂਦਰ ਵਲੋਂ ਤਿਆਰ ਕੀਤੀ ਜਾਂਦੀ ਹੈ।

ਜਮ੍ਹਾਂਬੰਦੀ ਦੇ ਖਾਨਿਆਂ ਬਾਰੇ ਜਾਣਕਾਰੀ

ਜਮ੍ਹਾਂਬੰਦੀ ਵਿੱਚ 12 ਖਾਨੇ ਹੁੰਦੇ ਹਨ, ਜੋ ਕਿ ਹੇਠ ਅਨੁਸਾਰ ਹਨ :-

  1. ਖੇਵਟ ਨੰਬਰ (Khewat Number) :- ਜਮ੍ਹਾਂਬੰਦੀ ਦੇ ਲੜੀ ਨੰਬਰ ਨੂੰ ਖੇਵਟ ਨੰਬਰ ਆਖਦੇ ਹਨ। ਜਿਸ ਲੜੀ ਨੰਬਰ ਤੇ ਕਿਸੇ ਮਾਲਕ ਦਾ ਨਾਮ ਉਸ ਦਾ ਰਕਬਾ ਆਦਿ ਦਰਜ਼ ਕੀਤਾ ਜਾਂਦਾ ਹੈ, ਉਸ ਲੜੀ ਨੰਬਰ ਨੂੰ ਉਸ ਮਾਲਕ ਦੀ ਖੇਵਟ ਨੰਬਰ ਕਿਹਾ ਜਾਂਦਾ ਹੈ।
  2. ਖਤੌਨੀ ਨੰਬਰ (Khatauni Number ) :- ਜਮ੍ਹਾਂਬੰਦੀ ਦੇ ਖਾਨਾ ਨੰਬਰ 2 ਵਿੱਚ ਖਤੌਨੀ ਨੰਬਰ ਦਰਜ਼ ਕੀਤਾ ਜਾਂਦਾ ਹੈ। ਇੱਕ ਖੇਵਟ ਵਿੱਚ ਇੱਕ ਜਾਂ ਇੱਕ ਤੋਂ ਵੱਧ ਖਤੌਨੀਆਂ ਵੀ ਹੋ ਸਕਦੀਆਂ ਹਨ। ਖਾਨਾ ਕਾਸ਼ਤ ਦੇ ਲੜੀ ਨੰਬਰ ਨੂੰ ਖਤੌਨੀ ਨੰਬਰ ਕਿਹਾ ਜਾਂਦਾ ਹੈ।
  3. ਪੱਤੀ ਅਤੇ ਨੰਬਰਦਾਰ ਦਾ ਨਾਮ :- ਜਿਸ ਪਿੰਡ ਵਿੱਚ ਪੱਤੀਆਂ ਹੋਣ ਤਾਂ ਉਸ ਪਿੰਡ ਦੀ ਸਾਰੀ ਜ਼ਮੀਨ ਪੱਤੀਆਂ ਵਿੱਚ ਵੰਡੀ ਜਾਂਦੀ ਹੈ। ਇੱਕ ਪਿੰਡ ਦੀਆਂ ਦੋ ਜਾਂ ਦੋ ਵੱਧ ਪੱਤੀਆਂ ਹੋ ਸਕਦੀਆਂ ਹਨ। ਹਰ ਪੱਤੀ ਦਾ ਵੱਖਰਾ ਨਾਮ ਹੁੰਦਾ ਹੈ ਅਤੇ ਹਰ ਪੱਤੀ ਦਾ ਵੱਖਰਾ ਨੰਬਰਦਾਰ ਹੁੰਦਾ ਹੈ। ਜੋ ਉਸ ਪੱਤੀ ਦੇ ਅਧੀਨ ਮਾਲਕਾਂ ਤੋਂ ਮਾਲੀਆ ਆਦਿ ਵਸੂਲ ਕਰਦਾ ਹੈ, ਪ੍ਰੰਤੂ ਇਸ ਸਮੇਂ ਮਾਮਲਾ ਵਸੂਲੀ ਮੁੱਅਤਲ ਕੀਤੀ ਹੋਈ ਹੈ।
  4. ਮਾਲਕ ਦਾ ਨਾਮ :- ਜਮ੍ਹਾਂਬੰਦੀ ਦੇ ਖਾਨਾ ਨੰਬਰ 4 ਵਿੱਚ ਮਾਲਕਾਂ ਦਾ ਨਾਮ ਦਰਜ਼ ਕੀਤਾ ਜਾਂਦਾ ਹੈ। ਇੱਕ ਵਿਅਕਤੀ ਇੱਕਲਾ ਮਾਲਕ ਵੀ ਹੋ ਸਕਦਾ ਹੈ। ਦੋ ਜਾਂ ਦੋ ਵੱਧ ਵਿਅਕਤੀ ਸਾਂਝੇ ਤੌਰ ਤੇ ਮਾਲਕ ਵੀ ਹੋ ਸਕਦੇ ਹਨ। ਕੋਈ ਸੰਸਥਾ ਜਾਂ ਸਰਕਾਰ ਦਾ ਕੋਈ ਅਦਾਰਾ ਵੀ ਮਾਲਕ ਹੋ ਸਕਦਾ ਹੈ। 
  5. ਕਾਸ਼ਤਕਾਰ ਦਾ ਨਾਮ :- ਜਮ੍ਹਾਂਬੰਦੀ ਦੇ ਖਾਨਾ ਨੰਬਰ 5 ਵਿੱਚ ਕਾਸ਼ਤਕਾਰਾਂ ਦਾ ਵੇਰਵਾ ਦਰਜ਼ ਕੀਤਾ ਜਾਂਦਾ ਹੈ। ਜਿਥੇ ਦੋ ਜਾਂ ਦੋ ਤੋਂ ਵੱਧ ਮਾਲਕਾਂ ਦੀ ਸਾਂਝੀ ਖੇਵਟ ਹੋਵੇ ਤਾਂ ਉਸ ਖੇਵਟ ਵਿੱਚੋਂ ਕੋਈ ਇੱਕ ਜਾਂ ਇੱਕ ਤੋਂ ਵੱਧ ਹਿੱਸੇਦਾਰ ਕੋਈ ਖਾਸ ਖਸਰਾ ਨੰਬਰ ਕਿਸੇ ਵਿਅਕਤੀ ਦੇ ਨਾਮ ਬੈ ਜਾਂ ਤਬਦੀਲ ਕਰ ਦੇਵੇ ਤਾਂ ਅਜਿਹੇ ਖਰੀਦਦਾਰ ਦਾ ਨਾਮ ਵੀ ਖਾਨਾ ਕਾਸ਼ਤ ਵਿੱਚ ਦਰਜ਼ ਕੀਤਾ ਜਾਂਦਾ ਹੈ।
  6. ਸਿੰਚਾਈ ਦੇ ਸਾਧਨ :-  ਕਿਹੜੇ ਖਸਰਾ ਨੰਬਰ ਨੂੰ ਪਾਣੀ ਲਗਣ ਦਾ ਕੀ ਸਾਧਨ ਹੈ। ਉਸ ਸਾਧਨ ਦਾ ਨਾਮ ਖਸਰਾ ਨੰਬਰ ਦੇ ਸਾਹਮਣੇ ਖਾਨਾ ਨੰਬਰ 6 ਵਿੱਚ ਦਰਜ਼ ਕੀਤਾ ਜਾਂਦਾ ਹੈ। ਇਹ ਸਾਧਨ ਨਹਿਰ, ਟਿਊਬਵੈਲ ਜਾਂ ਖੂਹ ਆਦਿ ਹੋ ਸਕਦੇ ਹਨ।
  7. ਨੰਬਰ ਖਸਰਾ (Khasra Number) :- ਜਮ੍ਹਾਂਬੰਦੀ ਦੇ ਖਾਨਾ ਨੰਬਰ 7 ਵਿੱਚ ਨੰਬਰ ਖਸਰਾ ਦਰਜ਼ ਕੀਤਾ ਜਾਂਦਾ ਹੈ। ਕਿਸੇ ਪਿੰਡ ਜਾਂ ਰੈਵਨਿਊ ਅਸਟੇਟ ਵਿੱਚ ਜ਼ਮੀਨ ਦੇ ਕਿਸੇ ਵੀ ਟੁੱਕੜੇ ਨੂੰ ਜੋ ਨੰਬਰ ਦਿੱਤਾ ਜਾਂਦਾ ਹੈ। ਉਸ ਨੂੰ ਖਸਰਾ ਨੰਬਰ ਆਖਦੇ ਹਨ। ਪਿੰਡ ਦਾ ਕੋਈ ਵੀ ਰਕਬਾ ਅਜਿਹਾ ਨਹੀ ਹੁੰਦਾ ਜਿਸ ਨੂੰ ਕੋਈ ਖਸਰਾ ਨੰਬਰ ਨਾ ਦਿੱਤਾ ਗਿਆ ਹੋਵੇ। ਜਿਸ ਪਿੰਡ ਦੀ ਮਿਣਤੀ ਬਿੱਘੇ ਵਿਸਵਿਆਂ ਵਿੱਚ ਦਰਜ਼ ਹੋਵੇ ਉੱਥੇ ਖਸਰਾ ਨੰਬਰ 1 ਤੋਂ ਸ਼ੁਰੂ ਕਰਕੇ ਲਗਾਤਾਰ ਚਲਦਾ ਹੈ, ਪ੍ਰੰਤੂ ਜਿਥੇ ਮਿਣਤੀ ਕਨਾਲ ਮਰਲਿਆਂ ਵਿੱਚ ਹੋਵੇ ਤਾਂ ਸਾਰੇ ਪਿੰਡ ਨੂੰ ਪਹਿਲਾਂ ਮੁਰੱਬਿਆਂ ਵਿੱਚ ਵੰਡਿਆ ਜਾਂਦਾ ਹੈ। ਫਿਰ ਹਰ ਮੁਰੱਬੇ ਵਿੱਚ 1 ਤੋਂ 25 ਖਸਰਾ ਨੰਬਰ ਲਗਾਏ ਜਾਂਦੇ ਹਨ। ਅਜਿਹੀ ਮਿਣਤੀ ਵਿੱਚ ਖਸਰਾ ਨੰਬਰ ਦੇ ਉੱਪਰ ਮੁਰੱਬਾ ਨੰਬਰ ਵੀ ਦਰਸਾਇਆ ਜਾਂਦਾ ਹੈ।
  8. ਰਕਬਾ ਅਤੇ ਭੌਂ ਦੀ ਕਿਸਮ :- ਜਮ੍ਹਾਂਬੰਦੀ ਦੇ ਖਾਨਾ ਨੰਬਰ 8 ਵਿੱਚ ਹਰ ਇੱਕ ਖਸਰਾ ਨੰਬਰ ਦਾ ਰਕਬਾ ਅਤੇ ਰਕਬੇ ਦੀ ਕਿਸਮ ਜਿਵੇਂ ਚਾਹੀ, ਨਹਿਰੀ, ਬਰਾਨੀ, ਗੈਰ-ਮੁਮਕਿਨ, ਬੰਜਰ ਕਦੀਮ, ਬੰਜਰ ਜਦੀਦ ਆਦਿ  ਦਰਜ਼ ਕੀਤਾ ਜਾਂਦਾ ਹੈ। ਇਹ ਰਕਬਾ ਕਨਾਲ ਮਰਲੇ ਜਾਂ ਬਿੱਘੇ ਵਿਸਵਿਆਂ ਵਿੱਚ ਹੋ ਸਕਦਾ ਹੈ। 100×100 ਮੀਟਰ ਦਾ ਇੱਕ ਹੈਕਟੇਅਰ ਬਣਦਾ ਹੈ। ਜਦੋਂ ਤੱਕ ਮੌਕੇ ਦੀ ਮਿਣਤੀ ਮੀਟਰਾਂ ਵਿੱਚ ਨਹੀ ਹੁੰਦੀ ਉਦੋਂ ਤੱਕ ਰਿਕਾਰਡ ਮਾਲ ਨੂੰ ਹੈਕਟੇਅਰਾਂ ਵਿੱਚ ਤਬਦੀਲ ਕਰਨਾ ਮੁਸ਼ਕਿਲ ਕੰਮ ਹੈ। ਸਾਲ 1971-72 ਵਿੱਚ ਪਿੰਡਾਂ ਦੇ ਸਾਰੇ ਰਕਬੇ ਨੂੰ ਹੈਕਟੇਅਰਾਂ ਵਿੱਚ ਤਬਦੀਲ ਕੀਤਾ ਗਿਆ ਸੀ। ਹਰ ਇੱਕ ਨੰਬਰ ਖਸਰੇ ਦੇ ਰਕਬੇ ਨੂੰ ਜਦੋਂ ਹੈਕਟੇਅਰਾਂ, ਆਰੇ ਅਤੇ ਸੈਨਟੇਅਰਾਂ ਵਿੱਚ ਤਬਦੀਲ ਕੀਤਾ ਗਿਆ ਤਾਂ ਉਸ ਸਮੇਂ ਰਿਕਾਰਡ ਮਾਲ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ। ਪਿੰਡਾਂ ਵਿੱਚ ਜ਼ਮੀਨ ਦੇ ਮਾਲਕਾਂ ਨੂੰ ਇਹ ਪੈਮਾਨਾ ਸਮਝ ਨਹੀ ਆਇਆ। ਜ਼ਮੀਨ ਦੀ ਅਦਲਾ ਬਦਲੀ ਵਿੱਚ ਆਮ ਲੋਕਾਂ ਅਤੇ ਮਾਲ ਮਹਿਕਮੇ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਬਹੁਤ ਮੁਸ਼ਕਲਾਂ ਆਉਣ ਲੱਗੀਆਂ ਤਾਂ ਮਜ਼ਬੂਰ ਹੋ ਕੇ ਸਾਲ 1976-77 ਵਿੱਚ ਮਾਲ ਰਿਕਾਰਡ ਨੂੰ ਮੁੜ ਤੋਂ ਬਿੱਘੇ ਵਿਸਵਿਆਂ ਅਤੇ ਕਨਾਲ ਮਰਲਿਆਂ ਵਿੱਚ ਤਬਦੀਲ ਕਰਨਾ ਪਿਆ। ਇਸ ਸਮੇਂ ਕੰਪਿਊਟਰ ਰਾਹੀਂ ਤਿਆਰ ਹੋਈਆਂ ਜਮ੍ਹਾਂਬੰਦੀਆਂ ਵਿੱਚ ਰਕਬੇ ਨੂੰ ਵਰਗ ਮੀਟਰਾਂ ਵਿੱਚ ਵੀ ਦਰਸਾਇਆ ਜਾਂਦਾ ਹੈ। Read ਪੰਜਾਬ ਅੰਦਰ ਜ਼ਮੀਨ ਦੀ ਪੈਮਾਇਸ਼ ਦੇ ਢੰਗ (Land Measurements Techniques in Punjab)
  9. ਕਾਸ਼ਤਕਾਰ ਵਲੋਂ ਦਿੱਤਾ ਜਾਣ ਵਾਲਾ ਚਕੌਤਾ :- ਜਦੋਂ ਜ਼ਮੀਨ ਦਾ ਮਾਲਕ ਕੋਈ ਹੋਰ ਹੋਵੇ ਅਤੇ ਕਾਸ਼ਤ ਕੋਈ ਹੋਰ ਕਰਦਾ ਹੋਵੇ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਦੋਂ ਕਿਸੀ ਮਾਲਕ ਨੇ ਆਪਣੀ ਜ਼ਮੀਨ ਕਾਸ਼ਤ ਕਰਨ ਲਈ ਕਿਸੀ ਹੋਰ ਨੂੰ ਦਿੱਤੀ ਹੋਵੇ ਅਤੇ ਬਦਲੇ ਵਿੱਚ ਪੈਦਾਵਾਰ ਦਾ ਹਿੱਸਾ ਲੈਂਦਾ ਹੋਵੇ ਜਾਂ ਰਕਮ ਲੈਂਦਾ ਹੋਵੇ ਇਸ ਪੈਦਾਵਾਰ ਜਾਂ ਰਕਮ ਨੂੰ ਲਗਾਨ ਜਾਂ ਚਕੌਤਾ ਕਿਹਾ ਜਾਂਦਾ ਹੈ। ਇਸ ਸਮੇਂ ਚਕੋਤੇ ਦੇ ਰੂਪ ਵਿੱਚ ਉੱਕਾ-ਪੁੱਕਾ ਰਕਮ ਲਗਭਗ 30,000 ਤੋਂ 50,000 ਪ੍ਰਤੀ ਏਕੜ ਪ੍ਰਤੀ ਸਾਲ ਦਾ ਰਿਵਾਜ਼ ਹੈ। ਪੁਰਾਨੇ ਸਮੇਂ ਵਿੱਚ ਮਾਲਕ ਅਤੇ ਕਾਸ਼ਤਕਾਰ ਫਸਲ ਬੀਜਣ ਤੋਂ ਫਸਲ ਕੱਟਣ ਤੱਕ ਬਰਾਬਰ ਖਰਚਾ ਕਰਕੇ ਫਸਲ ਨੂੰ ਅੱਧੇ ਅੱਧ ਵੰਡਦੇ ਸਨ ਜਾਂ ਸਾਰਾ ਖਰਚਾ ਕਾਸ਼ਤਕਾਰ ਕਰਦਾ ਸੀ ਤਾਂ ਮਾਲਕ ਨੂੰ ਫਸਲ ਅਤੇ ਤੂੜੀ ਆਦਿ ਵਿੱਚੋਂ 1/3 ਹਿੱਸਾ ਦੇਣ ਦਾ ਰਿਵਾਜ਼ ਸੀ। ਫਸਲ ਅਤੇ ਤੂੜੀ ਆਦਿ ਦਾ 2/3 ਹਿੱਸਾ ਕਾਸ਼ਤਕਾਰ ਰੱਖਦਾ ਸੀ।
  10. ਹਿੱਸਾ ਜਾਂ ਪੈਮਾਨਾ ਹਕੀਅਤ :– ਜਿਨ੍ਹਾਂ ਲੋਕਾਂ ਕੋਲ ਜ਼ਮੀਨ ਨੂੰ ਵਾਹੁਣ ਅਤੇ ਬੀਜਣ ਦੇ ਪੱਕੇ ਹੱਕ ਹਨ ਜਾਂ ਜਿਨ੍ਹਾਂ ਨੂੰ ਅਸੀ ਮਾਲਕ ਆਖਦੇ ਹਾਂ ਉਨਾਂ ਲੋਕਾਂ ਕੋਲੋਂ ਜ਼ਮੀਨ ਦੀ ਪੈਦਾਵਾਰ ਦਾ ਹਿੱਸਾ ਵਸੂਲ ਕਰਨਾ ਸਰਕਾਰ ਦਾ ਹੱਕ ਹੈ। ਪਿਛਲੇ ਸਮਿਆਂ ਵਿੱਚ ਇਹ ਹਿੱਸਾ ਮੌਕਾ ਪਰ ਹੀ ਪੈਦਾਵਾਰ ਵਿੱਚੋਂ ਸਰਕਾਰੀ ਕਰਮਚਾਰੀ ਵੰਡਵਾ ਕੇ ਲਿਆਉਦੇਂ ਸਨ। ਬਾਅਦ ਵਿੱਚ ਸਮਾਂ ਬੀਤਣ ਨਾਲ ਇਹ ਹਿੱਸਾ ਰਕਮ ਵਿੱਚ ਤਬਦੀਲ ਹੋ ਗਿਆ। ਬੰਦੋਬਸਤ ਸਮੇਂ ਵੱਖ-ਵੱਖ ਕਿਸਮ ਦੀ ਜ਼ਮੀਨ (ਚਾਹੀ, ਨਹਿਰੀ, ਬਰਾਨੀ, ਗੈਰ-ਮੁਮਕਿਨ, ਬੰਜਰ ਕਦੀਮ, ਬੰਜਰ ਜਦੀਦ ਆਦਿ) ਉੱਤੇ ਵੱਖ-ਵੱਖ ਦਰ ਜਾਂ ਪੈਮਾਨੇ ਨਾਲ ਸਰਕਾਰ ਦਾ ਹਿੱਸਾ ਮਾਮਲੇ ਦੇ ਰੂਪ ਵਿੱਚ ਤਹਿ ਕੀਤਾ ਗਿਆ। ਉਸ ਦਰ ਜਾਂ ਪੈਮਾਨੇ ਨੂੰ ਹਿੱਸਾ ਜਾਂ ਪੈਮਾਨਾ ਹਕੀਅਤ ਕਿਹਾ ਜਾਂਦਾ ਹੈ ਅਤੇ ਇਹ ਖਾਨਾ ਨੰਬਰ 10 ਵਿੱਚ ਦਰਜ਼ ਕੀਤਾ ਜਾਂਦਾ ਹੈ। ਇਸ ਸਮੇਂ ਸਰਕਾਰ ਨੇ ਮਾਮਲੇ ਦੀ ਵਸੂਲੀ ਮੁਅੱਤਲ ਕੀਤੀ ਹੋਈ ਹੈ।
  11.  ਮਾਮਲਾ :- ਜਿਨ੍ਹਾਂ ਲੋਕਾਂ ਕੋਲ ਜ਼ਮੀਨ ਨੂੰ ਵਾਹੁਣ ਅਤੇ ਬੀਜਣ ਦੇ ਪੱਕੇ ਹੱਕ ਪ੍ਰਾਪਤ ਸਨ, ਉਸ ਸਮੇਂ ਦੇ ਰਾਜੇ/ਸਰਕਾਰਾਂ ਪੈਦਾਵਾਰ ਵਿੱਚ ਹਿੱਸਾ ਵਸੂਲ ਕਰਦੀਆਂ ਸਨ। ਸਰਕਾਰੀ ਕਰਮਚਾਰੀ ਖੇਤ ਵਿੱਚੋਂ ਹੀ ਮੌਕੇ ਤੇ ਜਾ ਕੇ ਹਿੱਸਾ ਵਸੂਲ ਦੇ ਸਨ। ਪ੍ਰੰਤੂ ਕੁਝ ਫਸਲਾਂ ਅਜਿਹੀਆਂ ਹੁੰਦੀਆਂ ਸਨ, ਜਿਨ੍ਹਾਂ ਨੂੰ ਵੰਡਣਾ ਮੁਸ਼ਕਿਲ ਹੁੰਦਾ ਸੀ ਤਾਂ ਉਸ ਫਸਲ ਦੇ ਬਦਲੇ ਪੈਸਾ ਵਸੂਲ ਕੀਤਾ ਜਾਂਦਾ ਸੀ। ਸਮਾਂ ਪਾ ਕੇ ਪੈਦਾਵਾਰ ਦਾ ਹਿੱਸਾ ਰਕਮ ਪ੍ਰਤੀ ਬਿੱਘਾ ਜਾਂ ਕਨਾਲ ਵਿੱਚ ਬਦਲ ਗਿਆ ਜੋ ਹੁਣ ਮਾਮਲਾ ਅਖਵਾਉਂਦਾ ਹੈ।
  12. ਕੈਫੀਅਤ :- ਜਮ੍ਹਾਂਬੰਦੀ ਦੇ ਖਾਨਾ ਨੰਬਰ 12 ਵਿੱਚ ਵਿਸ਼ੇਸ਼ ਕਥਨ ਦਰਜ਼ ਕੀਤੇ ਜਾਂਦੇ ਹਨ। ਸਮੇਂ-ਸਮੇਂ ਦੌਰਾਨ ਸਿਵਲ ਜਾਂ ਮਾਲ ਅਦਾਲਤਾਂ ਵਲੋਂ ਆਉਣ ਵਾਲੇ ਹੁਕਮਾਂ ਦੀ ਰਪਟ ਰੋਜ਼ਨਾਮਚਾ ਵਾਕਿਆਤੀ ਵਿੱਚ ਦਰਜ਼ ਕਰਕੇ ਰਪਟ ਨੰਬਰ ਮਿਤੀ ਅਤੇ ਥੋੜੇ ਸ਼ਬਦਾਂ ਵਿੱਚ ਰਪਟ ਦਾ ਵੇਰਵਾ (ਸਟੇਅ ਆਰਡਰ ਆਦਿ) ਦਰਜ਼ ਕੀਤਾ ਜਾਂਦਾ ਹੈ। ਆਡਰਹਿਨ ਹੋਏ ਰਕਬੇ ਦੇ ਸਾਹਮਣੇ ਰਪਟ ਨੰਬਰ, ਮਿਤੀ, ਬੈਂਕ ਦਾ ਨਾਂ ਆਡਰਹਿਨ ਦੀ ਰਕਮ ਦਰਜ਼ ਕੀਤੀ ਜਾਂਦੀ ਹੈ। ਰਕਬੇ ਦੀ ਤਬਦੀਲੀ ਸਬੰਧੀ ਜਦੋਂ ਇੰਤਕਾਲ ਦਰਜ਼ ਕੀਤਾ ਜਾਂਦਾ ਹੈ ਤਾਂ ਖਾਨਾ ਨੰਬਰ 12 ਵਿੱਚ ਇੰਤਕਾਲ ਦਾ ਨੰਬਰ ਪੈਨਸਲ ਨਾਲ ਦਰਜ਼ ਕੀਤਾ ਜਾਂਦਾ ਹੈ। ਜਦੋਂ ਇੰਤਕਾਲ ਮਨਜੂਰ ਹੋ ਜਾਵੇ ਤਾਂ ਪੈਨਸਲੀ ਹਵਾਲੇ ਨੂੰ ਲਾਲ ਪੈਨ ਨਾਲ ਪੱਕਾ ਕਰ ਦਿੱਤਾ ਜਾਂਦਾ ਹੈ। ਜੇਕਰ ਇੰਤਕਾਲ ਨਾ-ਮਨਜੂਰ ਹੋ ਜਾਵੇ, ਉਸ ਪੈਨਸਲੀ ਨੰਬਰ ਨੂੰ ਲਾਲ ਸਿਆਹੀ ਨਾਲ ਪੱਕਾ ਕਰਕੇ ਨਾਲ ਹੀ ਸ਼ਬਦ ਨਾ-ਮਨਜੂਰ ਲਿਖਿਆ ਜਾਂਦਾ ਹੈ। ਜੇਕਰ ਕਿਸੀ ਇੰਤਕਾਲ ਦੇ ਖਿਲਾਫ ਅਪੀਲ ਹੋ ਜਾਵੇ ਤਾਂ ਸ਼ਬਦ ਅਪੀਲ ਦਰਜ਼ ਕੀਤਾ ਜਾਂਦਾ ਹੈ, ਪ੍ਰੰਤੂ ਜਦੋਂ 5 ਸਾਲ ਪੂਰੇ ਹੋਣ ਤੇ ਨਵੀਂ ਜਮ੍ਹਾਂਬੰਦੀ ਤਿਆਰ ਹੁੰਦੀ ਹੈ ਤਾਂ ਖਾਨਾ ਨੰਬਰ 12 ਦੇ ਲਾਲ ਰੰਗ ਨਾਲ ਦਰਸਾਏ ਇੰਦਰਾਜ ਕਾਲੀ ਸਿਆਹੀ ਨਾਲ ਦਰਸਾਏ ਜਾਂਦੇ ਹਨ।

2 thoughts on “ਪੰਜਾਬ ਵਿੱਚ ਜ਼ਮੀਨ ਦੀ ਜਮ੍ਹਾਂਬੰਦੀ (Jamabandi) ਕੀ ਹੁੰਦੀ ਹੈ (Record of Property Rights Under Property Registration Process in Punjab)”

Leave a Comment